ਮਹਾਰਾਸ਼ਟਰ ’ਚ ਮੁਸਲਮਾਨਾਂ ਦੀ ਰਿਜ਼ਰਵੇਸ਼ਨ ਖਤਮ

0
7

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਮੁਸਲਮ ਭਾਈਚਾਰੇ ਨੂੰ ਨੌਕਰੀਆਂ ਅਤੇ ਸਿੱਖਿਆ ਵਿੱਚ ਮਿਲਣ ਵਾਲੇ 5 ਫੀਸਦੀ ਰਾਖਵੇਂਕਰਨ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ 2014 ਤੋਂ ਚੱਲੇ ਆ ਰਹੇ ਸਾਰੇ ਪੁਰਾਣੇ ਸਰਕੂਲਰਾਂ ਨੂੰ ਰੱਦ ਕਰਦਿਆਂ ਮੁਸਲਮਾਨਾਂ ਨੂੰ ਵਿਸ਼ੇਸ਼ ਪੱਛੜੀ ਸ਼੍ਰੇਣੀ ਤਹਿਤ ਜਾਤੀ ਸਰਟੀਫਿਕੇਟ ਅਤੇ ਨੌਨ ਕਰੀਮੀ ਲੇਅਰ ਸਰਟੀਫਿਕੇਟ ਜਾਰੀ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ।
ਵਿਰੋਧੀ ਧਿਰ ਨੇ ਇਸ ਫੈਸਲੇ ਦੀ ਸਖਤ ਨਿਖੇਧੀ ਕਰਦਿਆਂ ਮਹਾਂਯੁਤੀ ਗੱਠਜੋੜ ਨੂੰ ‘ਘੱਟਗਿਣਤੀ ਵਿਰੋਧੀ’ ਕਰਾਰ ਦਿੱਤਾ ਹੈ। ਕਾਂਗਰਸ ਨੇਤਾ ਨਸੀਮ ਖਾਨ ਨੇ ਇਲਜ਼ਾਮ ਲਗਾਇਆ ਕਿ ਇਹ ਫੈਸਲਾ ਪਿਛੜੇ ਮੁਸਲਿਮ ਵਰਗਾਂ ਨੂੰ ਵਿਕਾਸ ਦੀ ਮੁੱਖ ਧਾਰਾ ਤੋਂ ਦੂਰ ਰੱਖਣ ਦੀ ਸਾਜ਼ਿਸ਼ ਹੈ।
ਦੂਜੇ ਪਾਸੇ, ਐੱਨ ਸੀ ਪੀ (ਸ਼ਰਦ ਪਵਾਰ) ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਸਾਬਤ ਕਰਦਾ ਹੈ ਕਿ ਭਾਜਪਾ ਆਪਣੇ ਸਹਿਯੋਗੀ ਮੁਸਲਮ ਨੇਤਾਵਾਂ ਦੀ ਵੀ ਕਦਰ ਨਹੀਂ ਕਰਦੀ। ਵਿਰੋਧੀਆਂ ਦਾ ਕਹਿਣਾ ਹੈ ਕਿ ਜਦੋਂ ਬੰਬੇ ਹਾਈਕੋਰਟ ਨੇ ਸਿੱਖਿਆ ਵਿੱਚ 5 ਫੀਸਦ ਰਾਖਵੇਂਕਰਨ ਨੂੰ ਹਰੀ ਝੰਡੀ ਦਿੱਤੀ ਸੀ, ਤਾਂ ਸਰਕਾਰ ਨੇ ਇਸ ਨੂੰ ਜਾਣਬੁੱਝ ਕੇ ਲਾਗੂ ਨਹੀਂ ਕੀਤਾ।
ਹਿਮਾਚਲ ਦੀ ਇੱਕ ਤੇ ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ ਦੀ ਚੋਣ 16 ਨੂੰ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਬੁੱਧਵਾਰ ਨੇ ਦੱਸਿਆ ਕਿ ਦੇਸ਼ ਦੇ 10 ਸੂਬਿਆਂ ਵਿੱਚ ਰਾਜ ਸਭਾ ਦੀਆਂ 37 ਸੀਟਾਂ ਲਈ ਦੋ ਸਾਲਾ ਚੋਣਾਂ 16 ਮਾਰਚ ਨੂੰ ਕਰਵਾਈਆਂ ਜਾਣਗੀਆਂ। ਇਹ ਸੀਟਾਂ ਅਪਰੈਲ ਮਹੀਨੇ ਵਿੱਚ ਵੱਖ-ਵੱਖ ਤਰੀਕਾਂ ਨੂੰ ਖਾਲੀ ਹੋ ਰਹੀਆਂ ਹਨ।
ਇਨ੍ਹਾਂ ਚੋਣਾਂ ਵਿੱਚ ਹਰਿਆਣਾ ਦੀਆਂ ਦੋ ਅਤੇ ਹਿਮਾਚਲ ਪ੍ਰਦੇਸ਼ ਦੀ ਇੱਕ ਸੀਟ ’ਤੇ ਵੀ ਵੋਟਿੰਗ ਹੋਵੇਗੀ, ਜਿਸ ਕਾਰਨ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਿਨ੍ਹਾਂ ਹੋਰਨਾਂ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਉਹ ਮਹਾਰਾਸ਼ਟਰ, ਓਡੀਸ਼ਾ, ਤੇਲੰਗਾਨਾ, ਤਾਮਿਲਨਾਡੂ, ਛੱਤੀਸਗੜ੍ਹ, ਪੱਛਮੀ ਬੰਗਾਲ, ਅਸਾਮ ਅਤੇ ਬਿਹਾਰ ਹਨ।
ਲਾਰੈਂਸ ਕਤਲ ਕੇਸ ’ਚੋਂ ਬਰੀ
ਚੰਡੀਗੜ੍ਹ : ਸਥਾਨਕ ਅਦਾਲਤ ਨੇ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਇਸੇ ਮਾਮਲੇ ਵਿੱਚ ਤਿੰਨ ਹੋਰਨਾਂ ਰਾਜਨ ਉਰਫ ਜਾਟ, ਮਨਜੀਤ ਅਤੇ ਸ਼ੁਭਮ ਪ੍ਰਜਾਪਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ਦੀ ਸਜ਼ਾ ਦਾ ਐਲਾਨ 20 ਫਰਵਰੀ ਨੂੰ ਕੀਤਾ ਜਾਵੇਗਾ। ਸਤੰਬਰ 2019 ਵਿੱਚ ਬੁੜੈਲ ਸਥਿਤ ਦਫਤਰ ਵਿੱਚ ਸੋਨੂੰ ਸ਼ਾਹ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦਾ ਇਲਜ਼ਾਮ ਪੁਲਸ ਨੇ ਬਿਸ਼ਨੋਈ ’ਤੇ ਲਗਾਇਆ ਸੀ।
ਅਦਾਲਤ ਵਿੱਚ ਪੁਲਸ ਲਾਰੈਂਸ ਬਿਸ਼ਨੋਈ ਅਤੇ ਪੰਜ ਹੋਰਾਂ ਖਿਲਾਫ ਲੱਗੇ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਹੀ। ਪੁਲਸ ਨੇ ਕਤਲ ਅਤੇ ਸਾਜ਼ਿਸ਼ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਬੂਤਾਂ ਦੀ ਘਾਟ ਕਾਰਨ ਬਿਸ਼ਨੋਈ ਕਿਸੇ ਕੇਸ ਵਿੱਚੋਂ ਬਰੀ ਹੋਇਆ ਹੋਵੇ; ਇਸ ਤੋਂ ਪਹਿਲਾਂ ਵੀ ਉਹ ਫਿਰੌਤੀ ਅਤੇ ਆਰਮਜ਼ ਐਕਟ ਦੇ ਕਈ ਮਾਮਲਿਆਂ ਵਿੱਚੋਂ ਬਰੀ ਹੋ ਚੁੱਕਾ ਹੈ। ਫਿਲਹਾਲ, ਉਹ ਸਿੱਧੂ ਮੂਸੇਵਾਲਾ ਕਤਲ ਕਾਂਡ ਸਮੇਤ ਕਈ ਹੋਰ ਵੱਡੇ ਮਾਮਲਿਆਂ ਵਿੱਚ ਟਰਾਇਲ ਦਾ ਸਾਹਮਣਾ ਕਰ ਰਿਹਾ ਹੈ।
ਕਰਜ਼ੇ ਨੇ ਕਿਸਾਨ ਦੀ ਜਾਨ ਲਈ
ਲਹਿਰਾਗਾਗਾ : ਪਿੰਡ ਭੁਟਾਲ ਕਲਾਂ ਦੇ ਕਿਸਾਨ ਜਗਤਾਰ ਸਿੰਘ ਨੇ ਕਰਜ਼ੇ ਦੀ ਮਾਰ ਅਤੇ ਮਾਨਸਕ ਤਣਾਅ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨ ਆਗੂ ਗੋਬਿੰਦ ਸਿੰਘ ਭੁਟਾਲ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਸਿਰ ’ਤੇ ਦੋ ਪਰਵਾਰਾਂ ਦੀ ਜ਼ਿੰਮੇਵਾਰੀ ਸੀ। ਉਸ ਦੇ ਪਿਤਾ ਰਾਮਫਲ ਸਿੰਘ ਦੀ ਦਿੱਲੀ ਦੇ ਕਿਸਾਨੀ ਅੰਦੋਲਨ ਦੌਰਾਨ ਮੌਤ ਹੋ ਗਈ ਸੀ ਅਤੇ ਕਈ ਸਾਲ ਪਹਿਲਾਂ ਉਸ ਦੇ ਭਰਾ ਦੀ ਵੀ ਮੌਤ ਹੋ ਚੁੱਕੀ ਸੀ। ਜਗਤਾਰ ਸਿੰਘ ਆਪਣੇ ਪਿੱਛੇ ਪਤਨੀ, 9 ਸਾਲ ਦੀ ਧੀ, 7 ਸਾਲ ਦਾ ਪੁੱਤਰ ਅਤੇ ਵਿਧਵਾ ਭਾਬੀ ਸਮੇਤ ਭਤੀਜੇ-ਭਤੀਜੀਆਂ ਨੂੰ ਬੇਸਹਾਰਾ ਛੱਡ ਗਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਵਾਰ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਪਾਕਿਸਤਾਨ ਸੁਪਰ-8 ’ਚ
ਕੋਲੰਬੋ : ਪਾਕਿਸਤਾਨ ਬੁੱਧਵਾਰ ਨਮੀਬੀਆ ਨੂੰ 102 ਦੌੜਾਂ ਨਾਲ ਹਰਾ ਕੇ ਟੀ-20 ਵਰਲਡ ਕੱਪ ਦੇ ਸੁਪਰ-8 ਗੇੜ ਵਿੱਚ ਪੁੱਜ ਗਿਆ। ਗਰੁੱਪ ਏ ਦੇ ਮੈਚ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲੈ ਕੇ ਤਿੰਨ ਵਿਕਟਾਂ ’ਤੇ 199 ਦੌੜਾਂ ਬਣਾਈਆਂ। ਨਮੀਬੀਆ ਦੀ ਟੀਮ 17.3 ਓਵਰਾਂ ਵਿੱਚ 97 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨੀ ਸਲਾਮੀ ਬੱਲੇਬਾਜ਼ ਨੇ 58 ਗੇਂਦਾਂ ’ਤੇ ਨਾਬਾਦ 100 ਦੌੜਾਂ ਬਣਾਈਆਂ।
ਸਦੀ ਪੁਰਾਣਾ ਬੋਹੜ ਵੱਢਣ ’ਤੇ ਰੋਹ
ਰੋਪੜ : ਨੰਗਲ ਦੇ ਪੋਸਟ ਆਫਿਸ ਕੰਪਲੈਕਸ ਵਿੱਚ ਇੱਕ ਸਦੀ ਪੁਰਾਣਾ ਬੋਹੜ ਅਤੇ ਕਈ ਫਲਦਾਰ ਰੁੱਖ ਗੈਰ-ਕਾਨੂੰਨੀ ਤਰੀਕੇ ਨਾਲ ਵੱਢਣ ਕਾਰਨ ਲੋਕਾਂ ਅਤੇ ਵਾਤਾਵਰਣ ਪ੍ਰੇਮੀਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੂਬੇ ਵਿੱਚ ਹਰੇ ਅਤੇ ਸੁੱਕੇ ਦਰੱਖਤਾਂ ਦੀ ਕਟਾਈ ’ਤੇ ਲਗਾਈ ਗਈ ਪਾਬੰਦੀ ਦੀ ਸਿੱਧੀ ਉਲੰਘਣਾ ਹੈ। ਇਹ ਦਰੱਖਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੀ ਸਰਕਾਰੀ ਜ਼ਮੀਨ ’ਤੇ ਸਨ, ਪਰ ਹੁਣ ਇਸ ਮਾਮਲੇ ਵਿੱਚ ਬੋਰਡ ਅਤੇ ਜੰਗਲਾਤ ਵਿਭਾਗ ਇੱਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਪੱਲਾ ਝਾੜ ਰਹੇ ਹਨ।