‘ਮੁੱਖ ਮੰਤਰੀ ਆਲੂ ਉਤਪਾਦਕਾਂ ਦੀ ਲੁੱਟ ਰੋਕਣ ਲਈ ਦਖਲ ਦੇਣ’

0
7

ਕਪੂਰਥਲਾ : ਸੰਯੁਕਤ ਕਿਸਾਨ ਮੋਰਚਾ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਦੇ ਕੇ ਆਲੂ ਉਤਪਾਦਕਾਂ ਦੀ ਲੁੱਟ ਰੋਕਣ ਦੀ ਅਪੀਲ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਕਿਸਾਨਾਂ ਨਾਲ ਠੱਗੀ ਮਾਰ ਰਹੀਆਂ ਕੰਪਨੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੰਦੇ ਕਾਰਨ 3 ਲੱਖ ਏਕੜ ਵਿਚ ਬੀਜੀ ਆਲੂਆਂ ਦੀ ਫਸਲ ਰੁਲ ਰਹੀ ਹੈ। ਆਲੂਆਂ ਦਾ ਭਾਅ 300 ਤੋਂ 500 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਇਸ ਨਾਲ ਲਾਗਤ ਦੇ ਹਿਸਾਬ ਨਾਲ ਕਿਸਾਨ ਨੂੰ ਪ੍ਰਤੀ ਏਕੜ 50000 ਰੁਪਏ ਨੁਕਸਾਨ ਹੋ ਰਿਹਾ ਹੈ। ਆਲੂ ਉਤਪਾਦਕਾਂ ਨਾਲ ਕੁਝ ਕੰਪਨੀਆਂ ਨੇ 1000 ਰੁਪਏ ਪ੍ਰਤੀ ਕੁਇੰਟਲ ਖਰੀਦ ਕਰਨ ਲਈ ਸੌਦੇ ਕੀਤੇ ਸਨ ਪਰੰਤੂ ਹੁਣ ਇਹ ਕੰਪਨੀਆਂ ਆਪਣੇ ਇਕਰਾਰ ਤੋਂ ਮੁਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਸਰਕਾਰ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਮਾਰਕਫੈਡ ਰਾਹੀਂ ਘੱਟੋ ਘੱਟ 1200 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦ ਨੂੰ ਯਕੀਨੀ ਬਣਾਵੇ। ਕੋਲਡ ਸਟੋਰ ਮਾਲਕਾਂ ਵੱਲੋਂ ਕਿਰਾਏ ਵਿੱਚ ਪ੍ਰਤੀ ਪੈਕਟ 25 ਰੁਪਏ ਵਾਧਾ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਅੱਧਾ ਕਿਰਾਇਆ ਐਡਵਾਂਸ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਖ ਦਿੱਤੀ ਗਈ ਹੈ ਜੋ ਕਿਸਾਨਾਂ ਨਾਲ ਸਰਾਸਾਰ ਧੱਕਾ ਹੈ। ਕੋਲਡ ਸਟੋਰਾਂ ਵੱਲੋਂ ਇਕ ਦਮ ਵਧਾਏ ਕਿਰਾਏ ਤੇ ਐਡਵਾਂਸ ਦੀ ਸ਼ਰਤ ਹਟਾਈ ਜਾਵੇ। ਇਸ ਤੋਂ ਇਲਾਵਾ ਮੋਰਚਾ ਨੇ ਕਿਹਾ ਹੈ ਕਿ ਦੁਆਬਾ ਖੇਤਰ ਵਿੱਚ ਆਲੂ ਤੇ ਸਬਜ਼ੀਆਂ ਦੀ ਕਾਸ਼ਤ ਨੂੰ ਮੁਖ ਰੱਖਦਿਆਂ ਸਰਕਾਰੀ ਖੇਤਰ ਵਿੱਚ ਪ੍ਰਾਸੈਸਿੰਗ ਪਲਾਂਟ ਲਾਉਣ ਲਈ ਕੇਂਦਰ ਨਾਲ ਰਾਬਤਾ ਬਣਾਇਆ ਜਾਵੇ ਤੇ ਵਾਹਗਾ ਅਤੇ ਅਟਾਰੀ ਰਾਹੀਂ ਵਪਾਰ ਲਾਂਘਾ ਖੁਲ੍ਹਵਾਇਆ ਜਾਵੇ।