ਏ ਐੱਸ ਆਈ ਤੇ ਹੋਮਗਾਰਡ ਦੀ ਭੇਦਭਰੀ ਹਾਲਤ ’ਚ ਮੌਤ

0
10

ਗੁਰਦਾਸਪੁਰ (ਜਨਕ ਮਹਾਜਨ)-ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਤਹਿਤ ਆਉਦੇ ਸਰਹੱਦੀ ਪਿੰਡ ਆਦੀਆਂ ਦੀ ਚੈੱਕ ਪੋਸਟ ’ਤੇ ਬੀਤੀ ਦੇਰ ਰਾਤ ਦੋ ਪੁਲਿਸ ਕਰਮੀਆਂ ਦੀ ਭੇਦ ਭਰੇ ਹਾਲਾਤ ਵਿੱਚ ਮੌਤ ਹੋ ਜਾਣ ਦੀ ਖਬਰ ਹੈ।ਦੋਵੇਂ ਪੁਲਸ ਮੁਲਾਜ਼ਮ ਡਿਊਟੀ ’ਤੇ ਤੈਨਾਤ ਸਨ ਜਿਨ੍ਹਾਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ । ਮੌਕੇ ਉਪਰ ਡੀ ਆਈ ਜੀ ਬਾਰਡਰ ਰੇਂਜ ਵੀ ਪਹੁੰਚੇ।ਪੁਲਸ ਕਰਮੀਆਂ ਦੇ ਪਰਿਵਾਰਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਦੋਹਾਂ ਨੇ ਇੱਕ ਦੂਜੇ ’ਤੇ ਗੋਲੀਆਂ ਚਲਾਈਆਂ । ਦੋਹਾਂ ਦੇ ਪਰਿਵਾਰਾਂ ਨੇ ਕਿਹਾ ਕਿ ਇਹ ਗੱਲ ਸਾਬਤ ਹੋ ਗਈ ਹੈ ਕਿ ਪੁਲਿਸ ਕਰਮੀਆਂ ਦੇ ਹਥਿਆਰਾਂ ਵਿੱਚ ਪੂਰੀਆਂ ਗੋਲੀਆਂ ਹਨ ਅਤੇ ਜਿਸ ਹਾਲਾਤ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ , ਉਹਨਾਂ ਤੋਂ ਸਾਫ ਹੈ ਕਿ ਉਹਨਾਂ ’ਤੇ ਸੁੱਤੇ ਪਏ ਗੋਲੀਆਂ ਚਲਾਈਆਂ ਗਈਆਂ ਹਨ। ਏ ਐਸ ਆਈ ਗੁਰਨਾਮ ਸਿੰਘ ਦੇ ਬੇਟੇ ਸੰਦੀਪ ਸਿੰਘ ਅਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੇ ਬੇਟੇ ਸੰਦੀਪ ਕੁਮਾਰ ਨੇ ਦੱਸਿਆ ਕਿ ਦੋਵੇਂ ਇੱਕ ਦੂਜੇ ਦੇ ਮਿਤਰ ਸਨ ਅਤੇ ਬੜੇ ਤਰੀਕੇ ਨਾਲ ਨਾਕੇ ’ਤੇ ਡਿਊਟੀ ਦਿੰਦੇ ਸੀ । ਸਿੱਧੇ ਤੌਰ ’ਤੇ ਉਹਨਾਂ ਦਾ ਕਤਲ ਕੀਤਾ ਗਿਆ ਅਤੇ ਉਹਨਾਂ ਨੂੰ ਉਮੀਦ ਹੈ ਕਿ ਪੁਲਿਸ ਮਿ੍ਰਤਕ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਇਨਸਾਫ ਦਵੇਗੀ। ਪਿੰਡ ਆਦੀਆਂ ਦੇ ਸਰਪੰਚ ਕਰਮਜੀਤ ਸਿੰਘ ਅਨੁਸਾਰ ਇੱਕ ਦੀ ਲਾਸ਼ ਕੁਰਸੀ ’ਤੇ ਬੈਠੀ ਹਾਲਤ ਵਿੱਚ ਪਈ ਸੀ ਜਦ ਕਿ ਦੂਸਰਾ ਬੈਂਚ ’ਤੇ ਲੰਮਾ ਪਿਆ ਸੀ । ਸਾਫ ਤੌਰ ’ਤੇ ਉਹਨਾਂ ਨੂੰ ਕਿਸੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਹਨ।