ਅਮਰੀਕਾ-ਭਾਰਤ ਗੱਲਬਾਤ ਟਲੀ

0
8

ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਅੰਤਰਮ ਵਪਾਰ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ ਵਿੱਚ 23 ਤੋਂ 26 ਫਰਵਰੀ ਤੱਕ ਹੋਣ ਵਾਲੀ ਅਹਿਮ ਬੈਠਕ ਫਿਲਹਾਲ ਟਾਲ ਦਿੱਤੀ ਗਈ ਹੈ। ਇਸ ਦਾ ਮੁੱਖ ਕਾਰਨ ਅਮਰੀਕਾ ਵਿੱਚ ਟੈਰਿਫ (ਟੈਕਸ) ਨੀਤੀਆਂ ਵਿੱਚ ਆਇਆ ਅਚਾਨਕ ਬਦਲਾਅ ਹੈ, ਕਿਉਂਕਿ ਪਹਿਲਾਂ ਇਸ ਸਮਝੌਤੇ ਤਹਿਤ ਭਾਰਤ ’ਤੇ 18 ਫੀਸਦੀ ਟੈਰਿਫ ਲੱਗਣਾ ਤੈਅ ਹੋਇਆ ਸੀ, ਪਰ ਹਾਲ ਹੀ ਦੇ ਘਟਨਾਕ੍ਰਮ ਨੇ ਸਾਰੀ ਸਥਿਤੀ ਬਦਲ ਦਿੱਤੀ ਹੈ।
ਦਰਅਸਲ ਅਮਰੀਕੀ ਸੁਪਰੀਮ ਕੋਰਟ ਨੇ ਸਾਰੇ ਪੁਰਾਣੇ ਗਲੋਬਲ ਟੈਰਿਫ ਰੱਦ ਕਰ ਦਿੱਤੇ ਸਨ, ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਲਈ ਪਹਿਲਾਂ 10 ਫੀਸਦੀ ਟੈਰਿਫ ਦਾ ਐਲਾਨ ਕੀਤਾ ਅਤੇ ਫਿਰ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਵਧਾ ਕੇ 15 ਫੀਸਦੀ ਕਰ ਦਿੱਤਾ। ਹੁਣ ਜਦੋਂ ਟਰੰਪ ਦਾ 15 ਫੀਸਦੀ ਵਾਲਾ ਗਲੋਬਲ ਟੈਰਿਫ ਲਾਗੂ ਹੋ ਰਿਹਾ ਹੈ ਤਾਂ ਇਹ ਪੁਰਾਣੀ ਡੀਲ ਵਿੱਚ ਤੈਅ ਕੀਤੇ ਗਏ 18 ਫੀਸਦੀ ਟੈਰਿਫ ਨਾਲੋਂ ਘੱਟ ਹੈ, ਜਿਸ ਕਾਰਨ ਪੁਰਾਣੀ ਡੀਲ ਦੇ ਨਿਯਮਾਂ ’ਤੇ ਮੁੜ ਵਿਚਾਰ ਕਰਨਾ ਲਾਜ਼ਮੀ ਹੋ ਗਿਆ ਹੈ। ਟੈਰਿਫ ਦਰਾਂ ਵਿੱਚ ਆਏ ਇਸ ਫਰਕ ਨੂੰ ਦੇਖਦੇ ਹੋਏ ਦੋਵਾਂ ਦੇਸ਼ਾਂ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਨਵੇਂ ਬਦਲਾਅ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਬੈਠਕ ਦੀ ਨਵੀਂ ਤਰੀਕ ਤੈਅ ਕੀਤੀ ਜਾਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਬੈਠਕ ਟਲਣ ਕਾਰਨ ਹੁਣ ਇਸ ਵਪਾਰ ਸਮਝੌਤੇ ਦੇ ਸਿਰੇ ਚੜ੍ਹਨ ਵਿੱਚ ਹੋਰ ਸਮਾਂ ਲੱਗ ਸਕਦਾ ਹੈ, ਕਿਉਂਕਿ ਹੁਣ ਦੋਵੇਂ ਨਵੀਆਂ ਦਰਾਂ ਦੇ ਹਿਸਾਬ ਨਾਲ ਗੱਲਬਾਤ ਨੂੰ ਅੱਗੇ ਵਧਾਉਣਗੇ।