ਅੰਮਿ੍ਰਤਸਰ : ਪੁਲਸ ਨੇ ਛੇਹਰਟਾ ਦੇ ਇੱਕ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰਦਿਆਂ 15 ਮਰੀਜ਼ਾਂ ਨੂੰ ਬਚਾਇਆ ਹੈ ਅਤੇ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਣਾ ਪ੍ਰਤਾਪ ਸਿੰਘ ਵਾਸੀ ਨਿਊ ਅੰਤਰਯਾਮੀ ਕਾਲੋਨੀ, ਸੁਲਤਾਨਵਿੰਡ ਰੋਡ, ਅੰਮਿ੍ਰਤਸਰ ਵਜੋਂ ਹੋਈ ਹੈ। ਉਸ ਦੇ ਤਿੰਨ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰੋਜ਼ ਐਵੀਨਿਊ, ਕਾਲੇ ਘਣੂਪੁਰ, ਛੇਹਰਟਾ ਨੇੜੇ ਇੱਕ ਕਿਰਾਏ ਦੀ ਕੋਠੀ ਵਿੱਚ ਨਸ਼ਾ ਛੁਡਾਉਣ ਦੀ ਆੜ ਵਿੱਚ ਮੋਟੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਸਨ। ਭੁੱਲਰ ਮੁਤਾਬਕ ਪੁਲਸ ਨੂੰ ਪੁਖਤਾ ਇਤਲਾਹ ਸੀ ਕਿ ਸਰਬਜੀਤ ਸਿੰਘ ਉਰਫ ਸੰਨੀ, ਹਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਰਾਣਾ ਪ੍ਰਤਾਪ ਸਿੰਘ ਗੈਰਕਾਨੂੰਨੀ ਢੰਗ ਨਾਲ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਹਨ। ਉਸ ਕੇਂਦਰ ਵਿੱਚ ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦੀ ਆੜ ਵਿੱਚ ਦਾਖਲ ਕਰਕੇ ਉਹਨਾਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲਦੇ ਹਨ ਅਤੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਜੇ ਉਕਤ ਨੌਜਵਾਨ ਨਸ਼ਾ ਛੱਡ ਵੀ ਜਾਣ ਤਾਂ ਵੀ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦੇ ਪਰਵਾਰ ਵਾਲਿਆਂ ਨਾਲ ਗੱਲ ਕਰਕੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਸਨ। ਪੁਲਸ ਨੇ ਛਾਪਾ ਮਾਰ ਕੇ ਰਾਣਾ ਪ੍ਰਤਾਪ ਸਿੰਘ ਨੂੰ ਕਾਬੂ ਕਰ ਲਿਆ। ਕੇਂਦਰ ਵਿੱਚ ਉਸ ਵੇਲੇ ਕੋਈ ਵੀ ਡਾਕਟਰੀ ਸਹੂਲਤ ਜਾਂ ਕੋਈ ਡਾਕਟਰ ਮੌਜੂਦ ਨਹੀਂ ਸੀ ਅਤੇ ਨਾ ਹੀ ਉਕਤ ਕੇਂਦਰ ਵਿੱਚ ਮਰੀਜ਼ ਰੱਖਣ ਦੀ ਕੋਈ ਸਹੂਲਤ ਸੀ। ਇਸ ਤੋਂ ਬਾਅਦ ਤੁਰੰਤ ਸਿਵਲ ਸਰਜਨ ਨਾਲ ਸੰਪਰਕ ਕਰਕੇ ਡਾਕਟਰਾਂ ਅਤੇ ਐਂਬੂਲੈਂਸ ਨੂੰ ਬੁਲਾ ਕੇ 15 ਵਿਅਕਤੀਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਾਇਆ ਗਿਆ।
ਉਨ੍ਹਾ ਦੱਸਿਆ ਕਿ ਰਾਣਾ ਪ੍ਰਤਾਪ ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਸੰਬੰਧੀ ਸਰਕਾਰ ਵੱਲੋਂ ਕੋਈ ਪਰਮਿਟ ਪੇਸ਼ ਨਹੀਂ ਕਰ ਸਕਿਆ। ਇਸ ਸੰਬੰਧੀ ਥਾਣਾ ਛੇਹਰਟਾ ਵਿੱਚ ਕੇਸ ਦਰਜ ਕੀਤਾ ਗਿਆ।




