ਬਜ਼ੁਰਗ ਬੀਬੀ ਨਾਲ 3 ਕਰੋੜ ਦੀ ਠੱਗੀ

0
6

ਦੇਹਰਾਦੂਨ : ਇੱਥੇ 70 ਸਾਲਾ ਮਹਿਲਾ ਨਾਲ 3 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਹੋ ਗਈ ਹੈ। ਸਾਈਬਰ ਠੱਗਾਂ ਨੇ ਸੀ ਬੀ ਆਈ ਅਫਸਰ ਬਣ ਕੇ ਮਹਿਲਾ ਨੂੰ ਡਿਜੀਟਲ ਅਰੈਸਟ ਕਰ ਲਿਆ ਤੇ ਉਸ ਨੂੰ ਵੀਡੀਓ ਕਾਲ ਰਾਹੀਂ ਲਗਾਤਾਰ ਡਰਾ ਕੇ ਨਿਗਰਾਨੀ ਵਿੱਚ ਰੱਖਿਆ। ਪੁਲਸ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿੱਚ ਮਹਿਲਾ ਨੂੰ ਇੱਕ ਵੀਡੀਓ ਕਾਲ ਆਈ ਸੀ, ਜਿਸ ਵਿੱਚ ਠੱਗਾਂ ਨੇ ਝੂਠ ਬੋਲਿਆ ਕਿ ਉਸ ਦਾ ਫੋਨ ਨੰਬਰ 68 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ ਫਸਿਆ ਹੋਇਆ ਹੈ ਅਤੇ ਉਸ ਨੂੰ ਜਲਦੀ ਹੀ ਜੇਲ੍ਹ ਭੇਜ ਦਿੱਤਾ ਜਾਵੇਗਾ।
ਜਾਲ੍ਹਸਾਜ਼ਾਂ ਨੇ ਮਹਿਲਾ ਨੂੰ ਕਿਹਾ ਕਿ ਜੇ ਉਸ ਨੇ ਇਹ ਗੱਲ ਕਿਸੇ ਨੂੰ ਵੀ ਦੱਸੀ ਤਾਂ ਉਸ ਦੇ ਬੱਚਿਆਂ ’ਤੇ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਡਰ ਕਾਰਨ ਮਹਿਲਾ ਨੇ ਕਿਸੇ ਨਾਲ ਗੱਲ ਨਹੀਂ ਕੀਤੀ। ਉਨ੍ਹਾ ਕਿਹਾ ਕਿ ਜੇ ਉਹ ਆਪਣੀ ਗਿ੍ਰਫਤਾਰੀ ਰੋਕਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣਾ ਸਾਰਾ ਪੈਸਾ ਉਨ੍ਹਾਂ ਵੱਲੋਂ ਦੱਸੇ ਗਏ ਖਾਤਿਆਂ ਵਿੱਚ ਟਰਾਂਸਫਰ ਕਰਨਾ ਪਵੇਗਾ। ਉਨ੍ਹਾ ਭਰੋਸਾ ਦਿੱਤਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਇਹ ਸਾਰਾ ਪੈਸਾ ਉਸ ਨੂੰ ਵਾਪਸ ਮਿਲ ਜਾਵੇਗਾ। ਇਸ ਤੋਂ ਬਾਅਦ ਡਰ ਕੇ ਮਹਿਲਾ ਨੇ ਸਤੰਬਰ ਅਤੇ ਅਕਤੂਬਰ 2025 ਦੌਰਾਨ ਆਪਣੀਆਂ ਸਾਰੀਆਂ ਐੱਫ ਡੀਆਂ ਤੁੜਵਾ ਦਿੱਤੀਆਂ, ਆਪਣੇ ਸ਼ੇਅਰ ਵੇਚ ਦਿੱਤੇ ਅਤੇ ਇੱਥੋਂ ਤੱਕ ਕਿ ਆਪਣੇ ਗਹਿਣੇ ਵੀ ਗਿਰਵੀ ਰੱਖ ਦਿੱਤੇ। ਉਸ ਨੇ ਕੁੱਲ 3.09 ਕਰੋੜ ਰੁਪਏ ਠੱਗਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੇ। ਹੁਣ ਮਹਿਲਾ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੋਬਾਈਲ ਨੰਬਰਾਂ ਸਮੇਤ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।