ਰਣਜੀਤ ਲਹਿਰਾ ਨੂੰ ਇਨਕਲਾਬੀ ਸ਼ਰਧਾਂਜਲੀਆਂ

0
12

ਦਿੜ੍ਹਬਾ (ਜਸਵੀਰ ਲਾਡੀ)
ਕਮਿਊਨਿਸਟ ਇਨਕਲਾਬੀ ਤੇ ਜਮਹੂਰੀ ਲਹਿਰ ’ਚੋਂ ਵਿਛੜੇ ਕਾਮਰੇਡ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਭਰ ’ਚੋਂ ਇਨਕਲਾਬੀ-ਜਮਹੂਰੀ ਲਹਿਰ ਦੇ ਕਾਰਕੁੰਨ ਲਹਿਰਾਗਾਗਾ ਵਿਖੇ ਪੁੱਜੇ।ਜੀਪੀਐਫ ਕੰਪਲੈਕਸ ’ਚ ਹੋਈ ਵਿਸ਼ਾਲ ਇਕੱਤਰਤਾ ਦੌਰਾਨ ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਗਾ ਕੇ ਵਿਛੜੇ ਕਾਮਰੇਡ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ‘ਲਾਲ ਪਰਚਮ’ ਦੇ ਸੰਪਾਦਕ ਮੁਖਤਿਆਰ ਪੂਹਲਾ ਨੇ ਉਨ੍ਹਾਂ ਦੀ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ’ਚ ਪ੍ਰਤੀਬੱਧਤਾ ਨੂੰ ਉਚਿਆਇਆ।ਉਨ੍ਹਾਂ ਨੇ ਰਣਜੀਤ ਲਹਿਰਾ ਦੇ ਲਹਿਰ ਵਿੱਚ ਅਡੋਲ ਖੜੇ ਰਹਿਣ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਗੰਭੀਰ ਬਿਮਾਰੀ ਦੇ ਬਾਵਜੂਦ ਅੰਤਮ ਸਾਹਾਂ ਤੱਕ ਇਨਕਲਾਬੀ-ਜਮਹੂਰੀ ਲਹਿਰ ’ਚ ਅਡੋਲ ਖੜੇ ਰਹੇ ਤੇ ਖਰੀ ਕਮਿਊਨਿਸਟ ਵਿਚਾਰਧਾਰਾ ਦਾ ਪੱਲਾ ਫੜੀ ਰੱਖਿਆ।ਇਸ ਦੌਰਾਨ ‘ਸੁਰਖ ਲੀਹ’ ਦੇ ਮੁੱਖ ਸੰਪਾਦਕ ਜਸਪਾਲ ਜੱਸੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜਦੋਂ ਸੰਸਾਰ ਭਰ ਵਿੱਚ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਦੇ ਸਮਾਂ ਵਿਹਾਅ ਚੁੱਕੇ ਹੋਣ ਦੇ ਐਲਾਨ ਹੋਏ ਤਾਂ ਉਸ ਸਮੇਂ ਰਣਜੀਤ ਲਹਿਰਾ ਵਰਗੇ ਜੁਝਾਰੂ ਨੇ ਕਮਿਊਨਿਸਟ ਵਿਚਾਰਧਾਰਾ ਦਾ ਝੰਡਾ ਕਾਇਮ ਰੱਖਿਆ।ਉਸ ਨੇ ਸੱਤਰਵਿਆਂ ਦੀ ਪੀਐਯੂ ਤੋਂ ਲੈ ਕੇ ਅੱਜ ਅੱਧੀ ਸਦੀ ਤੱਕ ਲਹਿਰ ਦੇ ਅਨੇਕਾਂ ਉਤਰਾਵਾਂ-ਚੜਾਵਾਂ ਦਾ ਸਾਹਮਣਾ ਕੀਤਾ। ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਗਿਆਨ ਚੰਦ ਸ਼ਰਮਾ ਨੇ ਰਣਜੀਤ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਰਣਜੀਤ ਲਹਿਰਾ ਨਵਾਂ-ਨਰੋਆ ਸਮਾਜ ਸਿਰਜਣ ਵਾਲਾ ਸੰਘਰਸ਼ੀ ਯੋਧਾ ਸੀ।
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਚ ਸੰਚਾਲਨਾ ਕਰਦੇ ਹੋਏ ਰਣਜੀਤ ਲਹਿਰਾ ਦੀ ਸੰਘਰਸ਼ੀ ਤੇ ਵਿਚਾਰਧਾਰਕ ਜ਼ਿੰਦਗੀ ਦੇ ਨਾਲ-ਨਾਲ ਉਸਦੀ ਸਾਹਿਤਕ-ਸਿਆਸੀ ਘਾਲਣਾ ਨੂੰ ਉਭਾਰਿਆ।ਡਾ. ਧਰਮਵੀਰ ਗਾਂਧੀ ਨੇ ਸਰੀਰਦਾਨੀ ਰਣਜੀਤ ਲਹਿਰਾ ਨਾਲ ਬਿਤਾਏ ਜੱਥੇਬੰਦਕ ਤੇ ਨਿੱਜੀ ਪਲਾਂ ਨੂੰ ਯਾਦ ਕਰਦਿਆਂ ਇੱਕ ਨਿਮਰ ਤੇ ਚੇਤੰਨ ਦੋਸਤ ਦੇ ਚਲੇ ਜਾਣ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।ਰਣਜੀਤ ਲਹਿਰਾ ਦੀ ਬੇਟੀ ਅਰਸ਼ਦੀਪ ਅਰਸ਼ੀ ਨੇ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਆਪਣੇ ਦੋਸਤ ਵਰਗੇ ਪਾਪਾ ਨੂੰ ਸਨੇਹ, ਸੁਚੱਜੀ ਪਰਵਰਿਸ਼ ਤੇ ਇੱਕ ਮਾਰਗ ਦਰਸ਼ਕ ਕਰਨ ਵਾਲੇ ਅਧਿਆਪਕ ਵਜੋਂ ਯਾਦ ਕੀਤਾ।ਰਣਜੀਤ ਲਹਿਰਾ ਦੀ ਜੀਵਨ ਸਾਥਨ ਰਾਜਪਾਲ ਕੌਰ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਇੱਕ ਅਰਥ ਭਰਪੂਰ ਜ਼ਿੰਦਗੀ ਜਿਊਂਦਿਆਂ ਆਪਣੀਆਂ ਯਾਦਾਂ ਦਾ ਸਰਮਾਇਆ ਸਾਡੇ ਕੋਲ ਛੱਡ ਕੇ ਵਿਦਾ ਹੋਏ ਹਨ।ਉਹ ਸਾਨੂੰ ਆਪਣੇ ਪਿੱਛੇ ਇੱਕ ਵੱਡਾ ਪਰਵਾਰ ਛੱਡ ਕੇ ਗਏ ਹਨ।ਉਨ੍ਹਾਂ ਕਿਹਾ ਆਖ਼ਰੀ ਸਾਹਾਂ ਤੱਕ ਉਨ੍ਹਾਂ ਦੀ ਕਲਮ ਚੱਲਦੀ ਰਹੀ।ਭਾਕਿਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਵੇਲੇ ਕਿਸਾਨ ਲਹਿਰ ਦੀ ਅਵਾਜ਼ ਬਣ ਕੇ ਰਾਖੀ ਕਰਦਾ ਰਿਹਾ।ਇਨ੍ਹਾਂ ਤੋਂ ਇਲਾਵਾ ਸਾਬਕਾ ਵਿਦਿਆਰਥੀ ਆਗੂ ਅਜਾਇਬ ਟਿਵਾਣਾ ਨੇ ਰਣਜੀਤ ਦੇ ਵਿਦਿਆਰਥੀ ਜੀਵਨ ਦੀ ਸੰਘਰਸ਼ਸ਼ੀਲ ਗਾਥਾ ਸੁਣਾਈ। ਭਾਕਿਯੂ ਏਕਤਾ (ਉਗਰਾਹਾਂ) ਦੇ ਜਨਕ ਭੂਟਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿਸਾਨ ਸੰਘਰਸ਼ ਦੀ ਲਾਮਬੰਦੀ ਅਤੇ ਏਕਤਾ ਦੇ ਮੁਦੱਈ ਰਣਜੀਤ ਨੂੰ ਸੱਚੀ ਸ਼ਰਧਾਂਜਲੀ ਉਸਦੇ ਅਕੀਦਿਆਂ ਨੂੰ ਹੋਰ ਅੱਗੇ ਵਧਾਉਣ ’ਚ ਹੋਵੇਗੀ।ਡਾ. ਅਰੀਤ ਨੇ ਕਮਿਊਨਿਸਟ ਲਹਿਰ ਦੀ ਏਕਤਾ ਉੱਤੇ ਜ਼ੋਰ ਦਿੰਦਿਆਂ ਕੌਮਾਂਤਰੀ ਪੱਧਰ ਤੇ ਸਾਮਰਾਜੀ ਲੁੱਟ-ਦਾਬੇ ਦੇ ਖਾਤਮੇ ਲਈ ਸੰਘਰਸ਼ ਕਰਨ ਉੱਤੇ ਜ਼ੋਰ ਦਿੱਤਾ।ਰਣਜੀਤ ਲਹਿਰਾ ਦੀ ਘਾਲਣਾ ਨੂੰ ਬਿਆਨ ਕਰਦੀਆਂ ਫਲੈਕਸਾਂ ਨਾਲ ਸਜੇ ਪੰਡਾਲ ’ਚ ਰਣਜੀਤ ਲਹਿਰਾ ਦੀਆਂ ਪੁਸਤਕਾਂ ਤੇ ਉਸ ਨੂੰ ਸਮਰਪਿਤ ‘ਲਾਲ ਪਰਚਮ’ ਦਾ ਵਿਸ਼ੇਸ਼ ਅੰਕ ਪ੍ਰਦਰਸ਼ਤ ਕੀਤਾ ਗਿਆ।ਮਤੇ ਪੇਸ਼ ਕਰਦਿਆਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਕੀਤੀ ਗਈ ਅਤੇ ਬਠਿੰਡਾ ’ਚ ਕਿਸਾਨਾਂ ’ਤੇ ਪੁਲਸ ਜਬਰ ਦੀ ਨਿਖੇਧੀ ਕੀਤੀ ਗਈ।