ਨਵੀਂ ਦਿੱਲੀ : ਦਿੱਲੀ ਪੁਲਸ ਨੇ ਭਾਰਤ ਮੰਡਪਮ ਵਿਖੇ ਹੋਏ ‘ਏ ਆਈ ਇਮਪੈਕਟ ਸਮਿਟ’ ਦੌਰਾਨ ਬਿਨਾਂ ਕਮੀਜ਼ਾਂ ਤੋਂ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪਿਛਲੇ ਸ਼ੁੱਕਰਵਾਰ ਹੋਏ ਇਸ ਪ੍ਰਦਰਸ਼ਨ ਦੇ ਸੰਬੰਧ ਵਿੱਚ ਹੁਣ ਤੱਕ ਕੁੱਲ ਅੱਠ ਗਿ੍ਰਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲਸ ਨੇ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਕਈ ਕਾਰਜਕਰਤਾਵਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਸਮਿਟ ਦੌਰਾਨ ਆਪਣੀਆਂ ਕਮੀਜ਼ਾਂ ਉਤਾਰ ਕੇ ਸਰਕਾਰ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਨਾਅਰਿਆਂ ਵਾਲੀਆਂ ਟੀ-ਸ਼ਰਟਾਂ ਦਿਖਾਈਆਂ ਸਨ। ਪੁਲਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਗੰਭੀਰ ਧਾਰਾਵਾਂ, ਜਿਵੇਂ ਕਿ ਵੱਖ-ਵੱਖ ਸਮੂਹਾਂ ਵਿੱਚ ਦੁਸ਼ਮਣੀ ਵਧਾਉਣਾ ਅਤੇ ਕੌਮੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਦਮ ਚੁੱਕਣ ਦੇ ਦੋਸ਼ ਆਇਦ ਕੀਤੇ ਹਨ।




