ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ 21 ਸਾਲਾ ਨੌਜਵਾਨ ਵੱਲੋਂ ਕਰੀਅਰ ਦੇ ਦਬਾਅ ਕਾਰਨ ਆਪਣੇ ਹੀ ਪਿਤਾ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਮੁਲਜ਼ਮ ਅਕਸ਼ਤ ਸਿੰਘ (21) ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਛਾਣ ਮਿਟਾਉਣ ਦੀ ਨੀਅਤ ਨਾਲ ਆਪਣੇ ਪਿਤਾ ਮਨਵੇਂਦਰ ਸਿੰਘ (50) ਦੀ ਲਾਸ਼ ਦੇ ਟੁਕੜੇ ਕਰ ਦਿੱਤੇ। ਕਾਤਲ ਪੁੱਤਰ ਨੇ ਲਾਸ਼ ਦਾ ਧੜ ਇੱਕ ਨੀਲੇ ਰੰਗ ਦੇ ਡਰੰਮ ਵਿੱਚ ਲੁਕਾ ਦਿੱਤਾ, ਜਦੋਂ ਕਿ ਸਰੀਰ ਦੇ ਬਾਕੀ ਹਿੱਸੇ ਇੱਧਰ-ਉੱਧਰ ਸੁੱਟ ਦਿੱਤੇ। ਪੁਲਸ ਨੇ ਗੁੰਮਸ਼ੁਦਗੀ ਦੀ ਜਾਂਚ ਦੌਰਾਨ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਅਕਸ਼ਤ ਨੇ ਆਪਣਾ ਜੁਰਮ ਕਬੂਲ ਕਰ ਲਿਆ। ਜਾਂਚ ਅਧਿਕਾਰੀਆਂ ਅਨੁਸਾਰ ਮਿ੍ਰਤਕ ਮਨਵੇਂਦਰ ਸਿੰਘ, ਜੋ ਕਿ ਸ਼ਰਾਬ ਅਤੇ ਫਾਰਮਾ ਕਾਰੋਬਾਰ ਨਾਲ ਜੁੜਿਆ ਹੋਇਆ ਸੀ, ਆਪਣੇ ਪੁੱਤਰ ਨੂੰ ਡਾਕਟਰੀ ਦੀ ਪੜ੍ਹਾਈ ਕਰਵਾਉਣਾ ਚਾਹੁੰਦਾ ਸੀ। ਇਸੇ ਗੱਲ ਨੂੰ ਲੈ ਕੇ 20 ਫਰਵਰੀ ਦੀ ਸਵੇਰ ਨੂੰ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਤੈਸ਼ ਵਿੱਚ ਆਏ ਮੁਲਜ਼ਮ ਨੇ ਪਿਤਾ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਤੋਂ ਬਾਅਦ ਉਸ ਨੇ ਆਪਣੀ ਭੈਣ ਨੂੰ ਵੀ ਡਰਾ-ਧਮਕਾ ਕੇ ਚੁੱਪ ਕਰਵਾ ਦਿੱਤਾ ਸੀ।





