ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸੰਬੰਧੀ ਭਲਕੇ ਵਿਚਾਰ-ਚਰਚਾ

0
12

ਜਲੰਧਰ : ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1926-2026) ਸਾਲ ਭਰ ਵੱਖ-ਵੱਖ ਰੂਪਾਂ ਵਿੱਚ ਮਨਾਉਣ ਅਤੇ ਪਹਿਲੀ ਨਵੰਬਰ 2026 ‘ਮੇਲਾ ਗ਼ਦਰੀ ਬਾਬਿਆਂ ਦਾ’ ਮੌਕੇ ਸਿਖ਼ਰਾਂ ’ਤੇ ਪਹੁੰਚਾਉਣ ਲਈ 27 ਫਰਵਰੀ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਤੋਂ ਸ਼ੁਰੂ ਕੀਤੀ ਜਾ ਰਹੀ ਮੁਹਿੰਮ ਮੌਕੇ ਵਿਚਾਰ-ਚਰਚਾ ਦੀਆਂ ਤਿਆਰੀਆਂ ਦਾ ਬੁੱਧਵਾਰ ਜਾਇਜ਼ਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਦਿਨ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ, ‘ਬੱਬਰ ਅਕਾਲੀ ਲਹਿਰ ਦੀ ਇਤਿਹਾਸਕ ਪ੍ਰਸੰਗਕਤਾ’, ਡਾ. ਪਰਮਿੰਦਰ ‘ਫਾਸ਼ੀ ਹੱਲੇ ਦੀਆਂ ਚੁਣੌਤੀਆਂ ਅਤੇ ਸਾਡੀ ਭੂਮਿਕਾ’ ਵਿਸ਼ਿਆਂ ’ਤੇ ਕੁੰਜੀਵਤ ਭਾਸ਼ਣ ਦੇਣਗੇ। ਇਸ ਮੌਕੇ ਬੱਬਰ ਅਕਾਲੀ ਲਹਿਰ ਦੇ ਪਿੰਡਾਂ, ਪਰਵਾਰਾਂ ਦੇ ਹਾਜ਼ਰ ਨੁਮਾਇੰਦਿਆਂ ਦਾ ਕਮੇਟੀ ਵੱਲੋਂ ਸਨਮਾਨ ਕਰਦੇ ਹੋਏ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ।
ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬੋਰਡ ਆਫ਼ ਟਰੱਸਟ, ਜਨਰਲ ਬਾਡੀ ਅਤੇ ਸੱਭਿਆਚਾਰਕ ਵਿੰਗ ਵਿੱਚ ਵਿਚਾਰ-ਚਰਚਾ ਕਰਕੇ ਲਏ ਫੈਸਲੇ ਮੁਤਾਬਕ 27 ਫਰਵਰੀ ਦੀ ਪ੍ਰਤੀਨਿਧ ਵਿਚਾਰ-ਚਰਚਾ ਵਿੱਚ ਸ਼ਮੂਲੀਅਤ ਲਈ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਕਮੇਟੀ ਮੈਂਬਰ ਡਾ. ਸੈਲੇਸ਼ ਨੇ ਚੱਕ ਕਲਾਂ, ਬਿਣਗਾਂ, ਕੌਲਗੜ੍ਹ, ਦੌਲਤਪੁਰ, ਝਿੰਗੜਾਂ, ਮਢਾਲੀ, ਪਤਾਰਾ, ਪੰਡੋਰੀ ਨਿੱਝਰਾਂ, ਘੁੜਿਆਲ, ਮੰਡੇਰ ਆਦਿ ਪਿੰਡਾਂ ਤੱਕ ਹਰ ਸੰਭਵ ਢੰਗ ਨਾਲ ਸੰਪਰਕ ਕੀਤਾ ਅਤੇ ਵਿਚਾਰਾਂ ਹੋਈਆਂ। ਇਉਂ ਹੀ ਕਮੇਟੀ ਮੈਂਬਰ ਵਿਜੈ ਬੰਬੇਲੀ ਨੇ ਬਾਹੋਵਾਲ, ਕੋਟ ਫਤੂਹੀ, ਜੱਸੋਵਾਲ, ਸਾਹਦਰਾ, ਲੰਗੇਰੀ, ਧੁੱਗਾ, ਪੰਡੋਰੀ ਗੰਗਾ ਸਿੰਘ, ਨੰਗਲ ਕਲਾਂ, ਰੱਕੜ ਬੇਟ, ਫਤਿਹਪੁਰ ਕੋਠੀਆਂ ਅਤੇ ਮਾਹਿਲਪੁਰ ਕਾਲਜ ਸੰਪਰਕ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸ਼ਤਾਬਦੀ ਮੁਹਿੰਮ ਅਤੇ 27 ਫਰਵਰੀ ਦੇ ਸਮਾਗਮ ਦੀ ਮਹੱਤਤਾ ਬਾਰੇ ਦੱਸਿਆ।
ਕਮੇਟੀ ਦੇ ਪਰਵਾਰ ਨਾਲ ਜੁੜੇ ਸੀਤਾ ਰਾਮ ਬਾਂਸਲ ਨੇ ਦੱਸਿਆ ਕਿ ਉਹ ਦੋਆਬਾ ਖੇਤਰ ਅਤੇ ਪਰਦੇਸ ਵਸਦੇ ਪਰਵਾਰਾਂ ਨਾਲ਼ ਸੰਪਰਕ ਕਰਕੇ ਸ਼ਤਾਬਦੀ ਮੁਹਿੰਮ ਦੀ ਸਫ਼ਲਤਾ ਲਈ ਤਾਂ ਕਮਰਕੱਸੇ ਕੱਸ ਕੇ ਲੱਗੇ ਹੀ ਹੋਏ ਹਨ, ਇਸ ਤੋਂ ਵੀ ਵੱਡਮੁੱਲੀ ਗੱਲ ਇਹ ਹੈ ਕਿ ਉਹ ਬੱਬਰ ਅਕਾਲੀ ਲਹਿਰ ਦੇ ਅਣਫ਼ੋਲੇ ਵਰਕੇ ਵੀ ਖੋਜਦੇ ਹੋਏ ਇਸ ਲਹਿਰ ਦੇ ਅਣਛੋਹੇ ਪੱਖ ਸਾਹਮਣੇ ਲਿਆਉਣ ਲਈ ਵੀ ਯਤਨਸ਼ੀਲ ਹਨ। ਤਿਆਰੀ ਮੁਹਿੰਮ ਸੰਬੰਧੀ ਜਾਇਜ਼ਾ ਲੈਣ ਸਮੇਂ ਸਹਾਇਕ ਸਕੱਤਰ ਪੋ੍ਰ. ਬੁੱਟਰ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਅਤੇ ਡਾ. ਸੈਲੇਸ਼ ਮੌਜੂਦ ਸਨ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਬੱਬਰ ਦੇਸ਼ ਭਗਤਾਂ ਦੇ ਵਾਰਸ, ਵਿਦਵਾਨਾਂ, ਲੇਖਕਾਂ ਅਤੇ ਕਾਮਿਆਂ ਨੂੰ ਸਮਾਗਮ ’ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।