ਲੁਧਿਆਣਾ (ਐੱਮ ਐੱਸ ਭਾਟੀਆ)
ਆਈ ਡੀ ਪੀ ਡੀ ਨੇ ਅਮਰੀਕਾ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਇਹ ਹਮਲਾ ਪੂਰੀ ਤਰ੍ਹਾਂ ਬਿਨਾਂ ਕਿਸੇ ਉਕਸਾਵੇ ਦੇ ਕੀਤਾ ਗਿਆ ਹੈ ਅਤੇ ਉਸ ਸਮੇਂ ਕੀਤਾ ਗਿਆ, ਜਦੋਂ ਅਮਰੀਕਾ ਅਤੇ ਈਰਾਨ, ਈਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਇਕ ਸਮਝੌਤੇ ਲਈ ਗੱਲਬਾਤ ਕਰ ਰਹੇ ਸਨ। ਆਪਣੇ ਬਿਆਨ ਵਿੱਚ ਡਾ. ਅਰੁਣ ਮਿੱਤਰਾ ਪ੍ਰਧਾਨ ਆਈ ਡੀ ਪੀ ਡੀ ਅਤੇ ਡਾ. ਸ਼ਕੀਲ ਉਰ ਰਹਿਮਾਨ ਜਨਰਲ ਸਕੱਤਰ ਨੇ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਅਮਰੀਕਾ ਕਦੇ ਵੀ ਇਨ੍ਹਾਂ ਗੱਲਬਾਤਾਂ ਨੂੰ ਲੈ ਕੇ ਗੰਭੀਰ ਨਹੀਂ। ਇਹ ਦੁਨੀਆ ਨੂੰ ਡਰਾਉਣ-ਧਮਕਾਉਣ ਵਰਗਾ ਵੀ ਹੈ, ਜਦ ਕਿ ਅਮਰੀਕਾ ਲਗਾਤਾਰ ਆਪਣੇ ਪਰਮਾਣੂ ਹਥਿਆਰ ਪ੍ਰੋਗਰਾਮ ਅਤੇ ਸੰਸਾਰ ਭਰ ਵਿੱਚ ਹਥਿਆਰਾਂ ਦੀ ਦੌੜ ’ਤੇ ਵੱਡੀ ਰਕਮ ਖਰਚ ਕਰ ਰਿਹਾ ਹੈ।ਇਹ ਵੀ ਧਿਆਨਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇਜ਼ਰਾਈਲ ਦਾ ਦੌਰਾ ਕੀਤਾ ਅਤੇ ਉਨ੍ਹਾ ਦੇ ਵਾਪਸ ਆਉਣ ਦੇ ਤੁਰੰਤ ਬਾਅਦ ਇਹ ਜੰਗ ਸ਼ੁਰੂ ਹੋ ਗਈ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗਾਜ਼ਾ ਉੱਤੇ ਇਜ਼ਰਾਈਲੀ ਹਮਲੇ ਦੀ ਨਿੰਦਾ ਦਾ ਇਕ ਸ਼ਬਦ ਵੀ ਨਹੀਂ ਕਿਹਾ, ਜਿਸ ਵਿੱਚ 70,000 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 20,000 ਤੋਂ ਵੱਧ ਬੱਚੇ ਸ਼ਾਮਲ ਹਨ।ਅਸੀਂ ਸੰਯੁਕਤ ਰਾਸ਼ਟਰ ਸੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਦਖ਼ਲ ਦੇ ਕੇ ਇਸ ਜੰਗ ਨੂੰ ਰੋਕੇ, ਕਿਉਕਿ ਨਹੀਂ ਤਾਂ ਇਸ ਦੇ ਗੰਭੀਰ ਪ੍ਰਭਾਵ ਸਿਰਫ਼ ਮੱਧ ਪੂਰਬ ਹੀ ਨਹੀਂ, ਸਗੋਂ ਪੂਰੀ ਦੁਨੀਆ ’ਤੇ ਪੈ ਸਕਦੇ ਹਨ।




