ਇਸਲਾਮਾਬਾਦ : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਫ਼ੌਜੀ ਜੰਗ ਦਰਮਿਆਨ ਜਲਾਲਾਬਾਦ ’ਚ ਇੱਕ ਪਾਕਿਸਤਾਨ ਜੰਗੀ ਜਹਾਜ਼ ਤਬਾਹ ਹੋ ਗਿਆ। ਤਾਲਿਬਾਨ ਨੇ ਪਾਇਲਟ ਨੂੰ ਆਪਣੀ ਹਿਰਾਸਤ ’ਚ ਲੈ ਲਿਆ। ਜੰਗ ’ਚ ਹੁਣ ਤੱਕ 300 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 500 ਦੇ ਕਰੀਬ ਜ਼ਖ਼ਮੀ ਹੋਏ ਹਨ। ਦੋਵੇਂ ਦੇਸ਼ ਇੱਕ-ਦੂਜੇ ਨੂੰ ਲਗਾਤਾਰ ਹੋਰ ਵੱਡੀਆਂ ਫ਼ੌਜੀ ਕਾਰਵਾਈਆਂ ਦੀਆਂ ਧਮਕੀਆਂ ਦੇ ਰਹੇ ਹਨ। ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਇਸ ਮਾਮਲੇ ਵਿੱਚ ਦਖ਼ਲ ਦੇਵੇਗਾ ਤਾਂ ਉਨ੍ਹਾ ਕਿਹਾ ਕਿ ਉਨ੍ਹਾ ਦੇ ਪਾਕਿਸਤਾਨ ਨਾਲ ਬਹੁਤ ਚੰਗੇ ਸੰਬੰਧ ਹਨ। ਟਰੰਪ ਨੇ ਪਾਕਿਸਤਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾ ਸੰਕੇਤ ਦਿੱਤਾ ਕਿ ਜੇਕਰ ਲੋੜ ਪਈ ਤਾਂ ਉਹ ਦਖ਼ਲ ਦੇ ਸਕਦੇ ਹਨ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਭਾਰਤ ’ਤੇ ਦੋਸ਼ ਲਗਾਏ ਹਨ ਕਿ ਉਨ੍ਹਾ ਦੇ ਦੇਸ਼ ਵਿੱਚ ਹੋਣ ਵਾਲੇ ਦਹਿਸ਼ਤੀ ਹਮਲਿਆਂ ਪਿੱਛੇ ਭਾਰਤ ਦਾ ਹੱਥ ਹੈ ਅਤੇ ਇਨ੍ਹਾਂ ਕਾਰਵਾਈਆਂ ਲਈ ਅਫਗਾਨ ਤਾਲਿਬਾਨ ਦੀ ਧਰਤੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਜੰਗ ਉਦੋਂ ਤੇਜ਼ ਹੋਈ, ਜਦੋਂ ਅਫਗਾਨਿਸਤਾਨ ਨੇ ਪਾਕਿਸਤਾਨੀ ਹਵਾਈ ਹਮਲਿਆਂ ਦਾ ਜਵਾਬ ਦਿੱਤਾ। ਇਸ ਦੇ ਬਦਲੇ ਵਿੱਚ ਪਾਕਿਸਤਾਨ ਨੇ ਅਪਰੇਸ਼ਨ ਸ਼ੁਰੂ ਕਰ ਦਿੱਤਾ, ਜਿਸ ਤਹਿਤ ਪਾਕਿਸਤਾਨੀ ਹਵਾਈ ਫ਼ੌਜ ਨੇ ਕਾਬੁਲ ਅਤੇ ਕੰਧਾਰ ਸਮੇਤ ਕਈ ਸ਼ਹਿਰਾਂ ਵਿੱਚ ਬੰਬਾਰੀ ਕੀਤੀ।




