ਚੰਡੀਗੜ੍ਹ : ਪੰਜਾਬ ਦੀ ਇਕ ਸਰਕਾਰੀ ਕਾਲਜ ਦੀ ਪਿ੍ਰੰਸੀਪਲ ਨੀਰੂ ਗਰਗ ਲਈ ਦੁਬਈ ਦੀ ਇਕ ਮਨੋਰੰਜਨ ਯਾਤਰਾ ਇਕ ਬੁਰੇ ਸੁਪਨੇ ਵਿਚ ਬਦਲ ਗਈ ਹੈ, ਕਿਉਂਕਿ ਈਰਾਨ ਦੇ ਸ਼ਹਿਰ ’ਤੇ ਹਮਲੇ ਕਾਰਨ ਹਵਾਈ ਖੇਤਰ ਬੰਦ ਹੋ ਗਿਆ ਅਤੇ ਉਹ ਆਪਣੇ ਪਰਵਾਰ ਸਮੇਤ ਸ਼ਾਰਜਾਹ ਵਿਚ ਨਕਦੀ ਜਾਂ ਜ਼ਰੂਰੀ ਦਵਾਈਆਂ ਤੋਂ ਬਿਨਾਂ ਫਸ ਗਈ ਹੈ। ਗਰਗ, ਜੋ ਬਠਿੰਡਾ ਦੇ ਐੱਸ ਐੱਸ ਡੀ ਗਰਲਜ਼ ਕਾਲਜ ਦੀ ਪਿ੍ਰੰਸੀਪਲ ਹੈ, ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਹੋਰ ਭਾਰਤੀ ਯਾਤਰੀਆਂ ਨੂੰ ਕੱਢਣ ਵਿਚ ਮਦਦ ਲਈ ਤੁਰੰਤ ਸਹਾਇਤਾ ਕਰੇ। ਉਨ੍ਹਾਂ ਕਿਹਾ ਕਿ ਉਹ ਪੰਜ ਦਿਨਾਂ ਦੀ ਯਾਤਰਾ ਉੱਤੇ ਸੀ ਅਤੇ ਇਹ ਸੋਚ ਕੇ ਕਿ ਇਹ ਯਾਤਰਾ ਦਾ ਆਖਰੀ ਦਿਨ (ਸ਼ਨੀਵਾਰ) ਸੀ, ਅਸੀਂ ਆਪਣੇ ਸਾਰੇ ਪੈਸੇ (ਦਿਰਹਾਮ) ਵੀ ਖਤਮ ਕਰ ਦਿੱਤੇ, ਕਿਉਂਕਿ ਅਸੀਂ ਇੰਡੀਗੋ ਫਲਾਈਟ ’ਤੇ ਵਾਪਸ ਜਾਣ ਦੀ ਤਿਆਰੀ ਕਰ ਰਹੇ ਸੀ, ਜੋ ਕਿ ਅੰਮਿ੍ਰਤਸਰ ਲਈ ਬੁੱਕ ਕੀਤੀ ਗਈ ਸੀ, ਉਸ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਵੀਡੀਓ ਵਿਚ ਇਹ ਜਾਣਕਾਰੀ ਦਿੱਤੀ। ਕਾਲਜ ਪਿ੍ਰੰਸੀਪਲ ਤੋਂ ਇਲਾਵਾ ਕੁਝ ਹੋਰ ਭਾਰਤੀ ਯਾਤਰੀਆਂ ਨੇ ਕਿਹਾ ਹੈ ਕਿ ਉਹ ਸ਼ਾਰਜਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਫਸੇ ਹੋਏ ਹਨ। ਉਨ੍ਹਾ ਕਿਹਾ ਕਿ ਅਸੀਂ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਸਨ, ਪਰ ਜਦੋਂ ਅਸੀਂ ਦੁਪਹਿਰ 1.30 ਵਜੇ ਸੁਰੱਖਿਆ ਜਾਂਚ ਲਈ ਆਏ ਤਾਂ ਉਨ੍ਹਾਂ ਨੇ ਸਾਨੂੰ ਦੁਪਹਿਰ 2.30 ਵਜੇ ਆਉਣ ਲਈ ਕਿਹਾ। ਦੁਪਹਿਰ 2 ਵਜੇ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।



