ਨਵੀਂ ਦਿੱਲੀ : ਭਾਰਤ ਕੋਲ ਘੱਟੋ-ਘੱਟ 10 ਦਿਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੱਚੇ ਤੇਲ ਦਾ ਲੋੜੀਂਦਾ ਭੰਡਾਰ ਹੈ ਅਤੇ ਹੋਰ 5-7 ਦਿਨਾਂ ਲਈ ਬਾਲਣ ਵੀ ਮੌਜੂਦ ਹੈ। ਇਸ ਲਈ ‘ਸਟਰੇਟ ਆਫ ਹਾਰਮੂਜ਼’ ਵਰਗੇ ਮੁੱਖ ਸਪਲਾਈ ਮਾਰਗ ਦੇ ਬੰਦ ਹੋਣ ਨਾਲ ਭਾਰਤ ਨੂੰ ਤੇਲ ਦੀ ਸਪਲਾਈ ਵਿੱਚ ਤੁਰੰਤ ਕਿਸੇ ਵੱਡੀ ਰੁਕਾਵਟ ਦਾ ਸਾਹਮਣਾ ਕਰਨ ਦੀ ਸੰਭਾਵਨਾ ਨਹੀਂ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉੱਚ ਅਧਿਕਾਰੀਆਂ ਅਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਵੇਂ ਈਰਾਨ ’ਤੇ ਅਮਰੀਕੀ ਅਤੇ ਇਜ਼ਰਾਈਲੀ ਫੌਜੀ ਹਮਲਿਆਂ ਅਤੇ ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ, ਫਿਰ ਵੀ ਉਮੀਦ ਹੈ ਕਿ ਇਹ ਸੰਘਰਸ਼ ਬਹੁਤ ਲੰਮਾ ਨਹੀਂ ਚੱਲੇਗਾ। ਜੇਕਰ ਤਣਾਅ ਵਧਦਾ ਹੈ ਤਾਂ ਨਵੀਂ ਦਿੱਲੀ ਕੋਲ ਬਦਲਵੇਂ ਪ੍ਰਬੰਧ ਤਿਆਰ ਹਨ। ਈਰਾਨ ਨੇ ਅਮਰੀਕੀ ਅਤੇ ਇਜ਼ਰਾਈਲੀ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ‘ਸਟਰੇਟ ਆਫ ਹਾਰਮੂਜ਼’ ਨੂੰ ਬੰਦ ਕਰ ਦਿੱਤਾ ਹੈ। ਦੁਨੀਆ ਦਾ ਲਗਭਗ 20 ਫੀਸਦੀ ਤੇਲ ਅਤੇ ਗੈਸ ਇਸੇ ਰਸਤੇ ਜਾਂਦਾ ਹੈ। ਭਾਰਤ ਆਪਣਾ 50 ਫੀਸਦ ਕੱਚਾ ਤੇਲ ਇਰਾਕ, ਸਾਊਦੀ ਅਰਬ, ਯੂ ਏ ਈ ਤੋਂ ਅਤੇ ਲਗਭਗ ਸਾਰੀ ਕੁਕਿੰਗ ਗੈਸ ਇਸੇ ਰਸਤਿਓਂ ਮੰਗਵਾਉਂਦਾ ਹੈ। ਜੇਕਰ ਰਸਤਾ ਲੰਮੇ ਸਮੇਂ ਲਈ ਬੰਦ ਹੁੰਦਾ ਹੈ, ਤਾਂ ਭਾਰਤ ਰੂਸ ਤੋਂ ਤੇਲ ਦੀ ਖਰੀਦ ਵਧਾ ਸਕਦਾ ਹੈ। ਹਾਲਾਂ ਕਿ ਮੱਧ ਪੂਰਬ ਤੋਂ ਜਹਾਜ਼ 5 ਦਿਨਾਂ ਵਿੱਚ ਭਾਰਤ ਪਹੁੰਚਦਾ ਹੈ, ਜਦ ਕਿ ਰੂਸ ਤੋਂ ਆਉਣ ਵਿੱਚ ਇੱਕ ਮਹੀਨਾ ਲੱਗਦਾ ਹੈ। ਕੱਚੇ ਤੇਲ ਦੀਆਂ ਕੀਮਤਾਂ 73 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਈਆਂ ਹਨ ਅਤੇ ਅਗਲੇ ਹਫ਼ਤੇ ਇਹ 80 ਡਾਲਰ ਤੱਕ ਜਾ ਸਕਦੀਆਂ ਹਨ।




