ਕੌਮਾਂਤਰੀ ਮੈਰਾਥਨ ’ਚ ਹਜ਼ਾਰਾਂ ਨੌਜਵਾਨਾਂ ਨੇ ਲਿਆ ਹਿੱਸਾ

0
5

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਕਲੱਬ ਵਿੱਚ ਪਹਿਲੀ ਕੌਮਾਂਤਰੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਵਿੱਚ ਦੇਸ਼ ਭਰ ਤੋਂ ਲਗਭਗ 3500 ਅਥਲੀਟਾਂ ਨੇ ਹਿੱਸਾ ਲਿਆ, ਜਿਸ ਵਿੱਚ 38 ਕੌਮਾਂਤਰੀ ਅਥਲੀਟ ਵੀ ਸ਼ਾਮਲ ਹਨ। ਇਸ ਮੈਰਾਥਨ ਨੂੰ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਮੈਰਾਥਨ ਵਿੱਚ 42.195 ਕਿਲੋਮੀਟਰ ਦੀ ਫੁੱਲ ਮੈਰਾਥਨ, 21 ਕਿਲੋਮੀਟਰ ਦੀ ਹਾਫ ਮੈਰਾਥਨ, 10 ਕਿਲੋਮੀਟਰ ਦੀ ਟਾਇਮਡ ਰਨ ਅਤੇ 5 ਕਿਲੋਮੀਟਰ ਮੈਰਾਥਨ ਕਰਵਾਈ ਗਈ। ਮੈਰਾਥਨ ਦੀ ਸ਼ੁਰੂਆਤ ਚੰਡੀਗੜ੍ਹ ਕਲੱਬ ਤੋਂ ਕੀਤੀ ਗਈ, ਜੋ ਹਾਈ ਕੋਰਟ ਚੌਕ, ਰਾਕ ਗਾਰਡਨ, ਸੁਖਨਾ ਝੀਲ, ਝੀਲ ਕਲੱਬ, ਮਟਕਾ ਚੌਕ, ਟਰਾਂਸਪੋਰਟ ਲਾਈਟਾਂ, ਰੋਜ਼ ਗਾਰਡਨ ਰੋਡ, ਪੀ ਜੀ ਆਈ ਗੇਟ ਨੰਬਰ 3, ਲੇਜ਼ਰ ਵੈਲੀ ਅਤੇ ਮੁੱਖ ਮੰਤਰੀ ਨਿਵਾਸ ਦੇ ਚੌਕ ਤੋਂ ਹੁੰਦੀ ਹੋਈ ਚੰਡੀਗੜ੍ਹ ਕਲੱਬ ਵਿੱਚ ਸਮਾਪਤ ਹੋਈ।