‘ਬਿ੍ਕਸ’ ਦੀ ਖਾਮੋਸ਼ੀ ਹੈਰਾਨ ਕਰਨ ਵਾਲੀ

0
10

ਨਵੀਂ ਦਿੱਲੀ : ਅਮਰੀਕਾ ਤੇ ਇਜ਼ਰਾਈਲ ਹਫਤੇ ਤੋਂ ਈਰਾਨ ‘ਤੇ ਜ਼ਬਰਦਸਤ ਹਮਲੇ ਕਰ ਰਹੇ ਹਨ, ਪਰ ਬਿ੍ਕਸ ਸਮੂਹ, ਜਿਸ ਦਾ ਈਰਾਨ ਵੀ ਮੈਂਬਰ ਹੈ, ਨੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ | ਵਿਸ਼ਲੇਸ਼ਕਾਂ ਤੇ ਸਿਆਸੀ ਅਬਜ਼ਰਵਰਾਂ ਮੁਤਾਬਕ ਜਦੋਂ ਪਿਛਲੇ ਸਾਲ ਜੂਨ ਵਿੱਚ ਈਰਾਨ ਤੇ ਇਜ਼ਰਾਈਲ ਵਿਚਾਲੇ ਲੜਾਈ ਹੋਈ ਸੀ ਤਾਂ ਬਿ੍ਕਸ ਨੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਈਰਾਨ ‘ਤੇ ਹਮਲਿਆਂ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਸੀ, ਪਰ ਉਦੋਂ ਬਿ੍ਕਸ ਦੀ ਚੇਅਰਮੈਨੀ ਬ੍ਰਾਜ਼ੀਲ ਕੋਲ ਸੀ ਤੇ ਦਸੰਬਰ 2025 ਤੋਂ ਭਾਰਤ ਚੇਅਰਮੈਨ ਹੈ | ਅਲੋਚਕਾਂ ਦਾ ਕਹਿਣਾ ਹੈ ਕਿ ਭਾਰਤ ਦੀ ਇਜ਼ਰਾਈਲ ਤੇ ਅਮਰੀਕਾ ਨਾਲ ਨੇੜਤਾ ਬਿ੍ਕਸ ਦੇ ਉਦੇਸ਼ਾਂ ‘ਤੇ ਭਾਰੂ ਪੈਂਦੀ ਜਾਪਦੀ ਹੈ |
11 ਮੈਂਬਰੀ ਬਿ੍ਕਸ ਸਮੂਹ 2009 ਵਿੱਚ ਆਰਥਕ ਗੱਠਜੋੜ ਦੇ ਰੂਪ ਵਿੱਚ ਕਾਇਮ ਕੀਤਾ ਗਿਆ ਸੀ, ਜਿਸ ਨੂੰ ਸਨਅਤੀਕ੍ਰਿਤ ਦੇਸ਼ਾਂ ਦੇ ਗੱਠਜੋੜ ਜੀ-7 ਦੇ ਬਦਲ ਵਜੋਂ ‘ਗਲੋਬਲ ਸਾਊਥ’ ਦੱਸਿਆ ਗਿਆ ਸੀ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਇਸ ਨੂੰ ਅਮਰੀਕਾ ਵਿਰੋਧੀ ਦੱਸਿਆ ਸੀ, ਹਾਲਾਂਕਿ ਬਿ੍ਕਸ ਨੇ ਕਿਹਾ ਸੀ ਕਿ ਉਹ ਕਿਸੇ ਨਾਲ ਮੁਕਾਬਲੇਬਾਜ਼ੀ ਵਾਲੀ ਧਾਰਨਾ ਨਹੀਂ ਰੱਖਦਾ |
ਪਿਛਲੇ ਕੁਝ ਸਾਲਾਂ ਵਿੱਚ ਇਸ ਗਰੁੱਪ ਦੇ ਘੇਰੇ ਵਿੱਚ ਸੁਰੱਖਿਆ ਮੁੱਦੇ ਵੀ ਸ਼ਾਮਲ ਕੀਤੇ ਗਏ ਹਨ ਅਤੇ ਇਸ ਦੇ ਮੈਂਬਰ ਸਾਂਝੀਆਂ ਫੌਜੀ ਮਸ਼ਕਾਂ ਵੀ ਕਰਦੇ ਹਨ | ਜਨਵਰੀ ਵਿੱਚ ਦੱਖਣੀ ਅਫਰੀਕਾ ਨੇ ਮਸ਼ਕਾਂ ਦੀ ਮੇਜ਼ਬਾਨੀ ਕੀਤੀ ਸੀ, ਪਰ ਭਾਰਤ ਇਸ ਵਿੱਚ ਸ਼ਾਮਲ ਨਹੀਂ ਹੋਇਆ ਸੀ | ਬਿ੍ਕਸ ਦਾ ਨਾਮਕਰਣ ਇਸ ਦੇ ਬਾਨੀਆਂ ਬ੍ਰਾਜ਼ੀਲ, ਰੂਸ, ਇੰਡੀਆ, ਚੀਨ ਤੇ ਦੱਖਣੀ ਅਫਰੀਕਾ ਦੇ ਪਹਿਲੇ ਅੱਖਰਾਂ ਨਾਲ ਹੋਇਆ ਸੀ | 2024 ਤੋਂ ਇਸ ਵਿੱਚ ਇੰਡੋਨੇਸ਼ੀਆ, ਇਥੋਪੀਆ, ਮਿਸਰ, ਈਰਾਨ, ਸਾਊਦੀ ਅਰਬ ਤੇ ਯੂ ਏ ਈ ਵੀ ਜੁੜ ਗਏ ਸਨ | ਹਾਲਾਂਕਿ ਬਿ੍ਕਸ ਨੇ ਸਮੂਹ ਦੇ ਤੌਰ ‘ਤੇ ਈਰਾਨ ‘ਤੇ ਹਮਲੇ ਦੀ ਨਿੰਦਾ ਨਹੀਂ ਕੀਤੀ, ਪਰ ਇਸ ਦੇ ਪੰਜ ਵਿੱਚੋਂ ਤਿੰਨ ਬਾਨੀ ਮੈਂਬਰਾਂ ਨੇ ਹਮਲੇ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਹੈ | ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰਿਲ ਰਾਮਾਫੋਸਾ ਨੇ ਕਿਹਾ ਹੈ ਕਿ ਇਹ ਟਕਰਾਅ ਮੱਧ-ਪੂਰਬ ਤੋਂ ਅੱਗੇ ਵੀ ਖਿੱਲਰ ਸਕਦਾ ਹੈ | ਉਨ੍ਹਾ ਕਿਹਾ ਹੈ, ‘ਅਸੀਂ ਜੰਗਬੰਦੀ ਚਾਹੁੰਦੇ ਹਾਂ, ਅਸੀਂ ਇਹ ਪਾਗਲਪਨ ਖਤਮ ਹੁੰਦਾ ਦੇਖਣਾ ਚਾਹੁੰਦੇ ਹਾਂ |’ ਰਾਮਾਫੋਸਾ ਦੀ ਪਾਰਟੀ ਅਫਰੀਕਨ ਨੈਸ਼ਨਲ ਕਾਂਗਰਸ ਨੇ ਇਸ ਤੋਂ ਪਹਿਲਾਂ ਹਮਲੇ ਦੀ ਨਿੰਦਾ ਕੀਤੀ ਸੀ | ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਰਾਨ ‘ਤੇ ਹਮਲੇ ਤੇ ਇਸ ਦੇ ਸੁਪਰੀਮ ਲੀਡਰ ਆਇਤੁੱਲ੍ਹਾ ਖਾਮਨੇਈ ਦੀ ਹੱਤਿਆ ਦੀ ਨੁਕਤਾਚੀਨੀ ਕੀਤੀ ਹੈ, ਤਾਂ ਵੀ ਰੂਸ ਨੇ ਈਰਾਨ ਦੀ ਹਮਾਇਤ ਵਿੱਚ ਕੁੱਦਣ ਦਾ ਸੰਕੇਤ ਨਹੀਂ ਦਿੱਤਾ | ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਜ਼ਰਾਈਲੀ ਵਿਦੇਸ਼ ਮੰਤਰੀ ਗਿਡਿਓਨ ਸਾਰ ਨਾਲ ਫੋਨ ‘ਤੇ ਗੱਲਬਾਤ ਵਿੱਚ ਕਿਹਾ ਕਿ ਈਰਾਨ ‘ਤੇ ਹਮਲਾ ਉਦੋਂ ਕੀਤਾ ਗਿਆ, ਜਦੋਂ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਤੇ ਈਰਾਨ ਵਿਚਾਲੇ ਗੱਲਬਾਤ ‘ਚ ਅਹਿਮ ਪ੍ਰਗਤੀ ਹੋਈ ਸੀ | ਵਾਂਗ ਨੇ ਕਿਹਾ ਕਿ ਚੀਨ ਇਜ਼ਰਾਈਲ ਤੇ ਅਮਰੀਕਾ ਵੱਲੋਂ ਈਰਾਨ ‘ਤੇ ਹਮਲੇ ਦਾ ਵਿਰੋਧ ਕਰਦਾ ਹੈ | ਬਾਨੀ ਮੈਂਬਰਾਂ ਵਿੱਚੋਂ ਸਿਰਫ ਭਾਰਤ ਨੇ ਈਰਾਨ ‘ਤੇ ਹਮਲੇ ਦੀ ਸਪੱਸ਼ਟ ਨਿੰਦਾ ਨਹੀਂ ਕੀਤੀ | ਇਸ ਦੀ ਚੇਅਰਮੈਨੀ ਹੇਠ ਜਥੇਬੰਦੀ ਜੰਗ ਬਾਰੇ ਖਾਮੋਸ਼ ਹੈ |