ਧਰਮ ਤੇ ਅੰਧ-ਵਿਸ਼ਵਾਸ ਦਾ ਗੂੜ੍ਹਾ ਰਿਸ਼ਤਾ ਹੈ। ਸੱਤਾਧਾਰੀ ਵਰਗ ਦੀ ਲੁੱਟ ਨੂੰ ਕਾਇਮ ਰੱਖਣ ਲਈ ਇਹ ਦੋਵੇਂ ਹੀ ਸਹਾਈ ਹੁੰਦੇ ਹਨ। ਇਹ ਅੰਧ-ਵਿਸ਼ਵਾਸ ਹੀ ਹੁੰਦੇ ਹਨ, ਜਿਹੜੇ ਲੁੱਟੇ ਜਾਣ ਵਾਲੇ ਵਰਗਾਂ ਦੀਆਂ ਹੱਕੀ ਲੜਾਈਆਂ ਦੀ ਧਾਰ ਨੂੰ ਖੁੰਢਾ ਕਰਨ ਦਾ ਕੰਮ ਕਰਦੇ ਹਨ। ਇਸੇ ਕਾਰਨ ਸੱਤਾਧਾਰੀ ਵਰਗ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਰੋਕਣ ਦੀ ਥਾਂ ਇਨ੍ਹਾਂ ਨੂੰ ਕਾਇਮ ਰੱਖਣ ਵਿੱਚ ਵੱਧ ਦਿਲਚਸਪੀ ਰੱਖਦਾ ਹੈ। ਸਾਡੇ ਦੇਸ਼ ਵਿੱਚ ਹਰ ਸਾਲ ਕਾਰਪੋਰੇਟ ਘਰਾਣੇ ਵੱਡੇ-ਵੱਡੇ ਮੰਦਰਾਂ ਨੂੰ ਕਰੋੜਾਂ ਰੁਪਏ ਦਾ ਦਾਨ ਦਿੰਦੇ ਹਨ। ਉਹ ਇਹ ਕੰਮ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਦੀ ਕੋਈ ਆਸਥਾ ਹੁੰਦੀ ਹੈ, ਸਗੋਂ ਇਸ ਲਈ ਕਰਦੇ ਹਨ ਕਿ ਆਮ ਲੋਕ ਇਸ ਚਿੱਕੜ ਵਿੱਚ ਹੋਰ ਤੋਂ ਹੋਰ ਫਸਦੇ ਰਹਿਣ। ਲੋਕਾਂ ਦੇ ਦਿਮਾਗਾਂ ਵਿੱਚ ਸਦੀਆਂ ਤੋਂ ਘਰ ਕਰ ਚੁੱਕੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਤੇ ਵਿਗਿਆਨਕ ਨਜ਼ਰੀਆ ਅਪਣਾਉਣ ਪ੍ਰਤੀ ਸਰਕਾਰਾਂ ਦਾ ਰਵੱਈਆ ਵੀ ਨਾਕਾਫੀ ਰਿਹਾ ਹੈ। ਮੌਜੂਦਾ ਕੇਂਦਰੀ ਹਕੂਮਤ ਦੇ ਕਰਤੇ-ਧਰਤੇ ਤਾਂ ਖੁੱਲ੍ਹੇਆਮ ਜੋਤਿਸ਼ ਵਰਗੇ ਅੰਧ-ਵਿਸ਼ਵਾਸੀ ਕਾਰੋਬਾਰਾਂ ਨੂੰ ਵਿਗਿਆਨ ਦਾ ਦਰਜਾ ਦੇਣ ਦੀਆਂ ਗੱਲਾਂ ਕਰਦੇ ਹਨ।
ਇਹੋ ਕਾਰਨ ਹੈ ਕਿ ਅਜ਼ਾਦੀ ਦੇ 75 ਸਾਲ ਬਾਅਦ ਵੀ ਸਾਡੇ ਆਮ ਲੋਕ ਅੰਧ-ਵਿਸ਼ਵਾਸਾਂ ਦੀ ਜਿੱਲ੍ਹਣ ਵਿੱਚੋਂ ਨਿਕਲਣ ਦੀ ਥਾਂ ਇਸ ਵਿੱਚ ਹੋਰ ਡੂੰਘੇ ਧਸਦੇ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਸਾਡੇ ਲੋਕ ਅੰਧ-ਵਿਸ਼ਵਾਸਾਂ ਦੇ ਚੱਕਰ ਵਿੱਚ ਫਸ ਕੇ ਕਿਸ ਹੱਦ ਤੱਕ ਮਾਨਸਿਕ ਰੋਗੀ ਹੋ ਚੁੱਕੇ ਹਨ।
ਸਨਅਤੀ ਸ਼ਹਿਰ ਕਾਨਪੁਰ ਦੇ ਰੋਸ਼ਨ ਨਗਰ ਦਾ ਵਿਮਲੇਸ਼ ਹੈਦਰਾਬਾਦ ਦੇ ਇਨਕਮ ਟੈਕਸ ਵਿਭਾਗ ਵਿੱਚ ਨੌਕਰੀ ਕਰਦਾ ਸੀ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਬਿਮਾਰ ਹੋਣ ਉੱਤੇ ਉਹ ਘਰ ਆ ਗਿਆ। ਉਸ ਨੂੰ ਮੋਤੀ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਉਸ ਦੀ 22 ਅਪ੍ਰੈਲ 2021 ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਹਸਪਤਾਲ ਵੱਲੋਂ ਉਸ ਦਾ ਮੌਤ ਸਰਟੀਫਿਕੇਟ ਵੀ ਬਣਾ ਕੇ ਪਰਵਾਰ ਨੂੰ ਦੇ ਦਿੱਤਾ ਗਿਆ। ਪਰਵਾਰ ਵਾਲੇ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਵਿਮਲੇਸ਼ ਮਰ ਚੁੱਕਾ ਹੈ। ਵਿਮਲੇਸ਼ ਦੀ ਪਤਨੀ ਇੱਕ ਬੈਂਕ ਵਿੱਚ ਮੈਨੇਜਰ ਹੈ। ਤਿੰਨ ਮੰਜ਼ਲਾ ਘਰ ਵਿੱਚ ਵਿਮਲੇਸ਼ ਦੇ ਮਾਤਾ-ਪਿਤਾ, ਵਿਮਲੇਸ਼ ਦੀ ਪਤਨੀ, ਵਿਮਲੇਸ਼ ਦਾ ਬੇਟਾ ਤੇ ਬੇਟੀ ਤੋਂ ਇਲਾਵਾ ਉਸ ਦੇ ਦੋ ਭਰਾ ਪਰਵਾਰ ਸਮੇਤ ਰਹਿੰਦੇ ਹਨ। ਪਰਵਾਰ ’ਤੇ ਅੰਧ-ਵਿਸ਼ਵਾਸ ਦਾ ਏਨਾ ਗਹਿਰਾ ਅਸਰ ਸੀ ਕਿ ਉਹ ਵਿਮਲੇਸ਼ ਦੀ ਮਿ੍ਰਤਕ ਦੇਹ ਇਸ ਆਸ ਨਾਲ ਰੋਜ਼ਾਨਾ ਗੰਗਾ ਜਲ ਨਾਲ ਧੋਂਦੇ ਰਹੇ ਕਿ ਇੱਕ ਦਿਨ ਉਹ ਉਠ ਖੜ੍ਹਾ ਹੋਵੇਗਾ। ਬੀਤੀ 23 ਸਤੰਬਰ ਨੂੰ ਜਦੋਂ ਪੁਲਸ ਨੂੰ ਇਸ ਦਾ ਪਤਾ ਲੱਗਾ ਤੇ ਉਹ ਉੱਥੇ ਪੁੱਜੀ ਤਾਂ ਵਿਮਲੇਸ਼ ਦੀ ਦੇਹ ਸੁੱਕ ਕੇ ‘ਮੰਮੀ’ ਬਣ ਚੁੱਕੀ ਸੀ।
ਝਾਰਖੰਡ ਦੇ ਪਿੰਡਾਂ ਵਿੱਚ ਤਾਂ ਹਾਲਤ ਹੋਰ ਵੀ ਖਰਾਬ ਹੈ। ਨਿੱਤ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਕਿ ਫਲਾਣੇ ਪਿੰਡ ਵਿੱਚ ਇੱਕ ਔਰਤ ਨੂੰ ਡਾਇਣ ਕਰਾਰ ਦੇ ਕੇ ਮਾਰ ਦਿੱਤਾ ਗਿਆ। ਦੂਰ-ਦੂਰਾਡੇ ਦੇ ਪਿੰਡਾਂ ਵਿੱਚ ਤਾਂ ਇਲਾਜ ਦੀ ਥਾਂ ਲੋਕ ਝਾੜ-ਫੂਕ ਦਾ ਹੀ ਸਹਾਰਾ ਲੈ ਰਹੇ ਹਨ। ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੇ ਜਾਣ ਕਾਰਨ ਝਾੜ-ਫੂਕ ਕਰਨ ਵਾਲੇ ਓਝਿਆਂ ਨੇ ਹੁਣ ਅੰਧ-ਵਿਸ਼ਵਾਸ ਦੇ ਕਾਰੋਬਾਰ ਨੂੰ ਹਾਈਟੈਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਇਹ ਤਾਂਤਰਿਕ ਵੀਡੀਓ ਕਾ�ਿਗ ਰਾਹੀਂ ਝਾੜ-ਫੂਕ ਕਰਨ ਲੱਗ ਪਏ ਹਨ। ਝਾਰਖੰਡ ਦੇ ਗੜਵਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਪਿਛਲੇ ਬੁੱਧਵਾਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਦਾਖ਼ਲ ਕਿਰਨ ਦੇਵੀ ਨਾਂਅ ਦੀ ਔਰਤ ਦਾ ਮੋਬਾਇਲ ਰਾਹੀਂ ਝਾੜ-ਫੂਕ ਕੀਤਾ ਗਿਆ। ਇੱਕ ਪਾਸੇ ਤਾਂਤਰਿਕ ਮੋਬਾਇਲ ’ਤੇ ਮੰਤਰ ਪੜ੍ਹ ਰਿਹਾ ਸੀ ਤੇ ਦੂਜੇ ਪਾਸੇ ਪਰਵਾਰ ਵਾਲੇ ਕਿਰਨ ਦੇਵੀ ਦੇ ਕੰਨ ਉੱਤੇ ਮੋਬਾਇਲ ਲਾ ਕੇ ਉਸ ਨੂੰ ਮੰਤਰ ਸੁਣਾ ਰਹੇ ਸਨ।
ਬੀਤੀ 17 ਸਤੰਬਰ ਨੂੰ ਛਤੀਸਗੜ੍ਹ ਦੇ ਕਵਰਧਾ ਜ਼ਿਲ੍ਹੇ ਦੇ ਤਾਰੇਗਾਂਵ ਵਿੱਚ ਖੇਡਦੇ ਬੱਚਿਆਂ ਉੱਤੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਮਾਸੂਮ ਬੱਚੀ ਲੋਕੇਸ਼ਵਰੀ ਨੂੰ ਹਸਪਤਾਲ ਲੈ ਜਾਣ ਦੀ ਥਾਂ ਤਾਂਤਰਿਕ ਨੂੰ ਸੱਦ ਕੇ ਝਾੜ-ਫੂਕ ਕਰਾਉਂਦੇ ਰਹੇ ਤੇ ਢਾਈ ਘੰਟਿਆਂ ਬਾਅਦ ਜਦੋਂ ਹਸਪਤਾਲ ਲੈ ਕੇ ਗਏ ਤਾਂ ਉਹ ਮਰ ਚੁੱਕੀ ਸੀ।
ਦੇਸ਼ ਦੇ ਸਭ ਸਰਕਾਰੀ ਹਸਪਤਾਲਾਂ ਵਿੱਚ ਸੱਪ ਦੇ ਕੱਟੇ ਦਾ ਮੁਫ਼ਤ ਇਲਾਜ ਹੁੰਦਾ ਹੈ, ਪਰ ਹਾਲੇ ਵੀ ਲੋਕ ਅੰਧ-ਵਿਸ਼ਵਾਸਾਂ ਦੇ ਚੱਕਰ ਵਿੱਚ ਪਹਿਲਾਂ ਝਾੜ-ਫੂਕ ਕਰਾਉਂਦੇ ਹਨ ਤੇ ਮਰੀਜ਼ ਮਰਨ ਦੇ ਨੇੜੇ ਪੁੱਜ ਜਾਂਦਾ ਹੈ ਤਾਂ ਹਸਪਤਾਲ ਵੱਲ ਨੂੰ ਭੱਜਦੇ ਹਨ। ਪਿਛਲੇ ਹਫ਼ਤੇ ਦੌਰਾਨ ਬਿਹਾਰ ਵਿੱਚ ਦੋ ਔਰਤਾਂ ਨੂੰ ਸੱਪ ਲੜਨ ਦੀਆਂ ਖ਼ਬਰਾਂ ਆਈਆਂ, ਜਿਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਥਾਂ ਪਰਵਾਰ ਵਾਲੇ ਤਾਂਤਰਿਕ ਤੋਂ ਝਾੜ-ਫੂਕ ਕਰਾਉਂਦੇ ਰਹੇ ਤੇ ਦੋਵੇਂ ਹੀ ਮਰ ਗਈਆਂ। ਇਹ ਸਿਰਫ਼ ਬਿਮਾਰੀਆਂ ਨਾਲ ਸੰਬੰਧਤ ਅੰਧ ਵਿਸ਼ਵਾਸਾਂ ਦੀਆਂ ਘਟਨਾਵਾਂ ਹੀ ਨਹੀਂ, ਤਾਂਤਰਿਕ ਦੇ ਝਾਂਸੇ ਵਿੱਚ ਆ ਕੇ ਅਮੀਰ ਬਣਨ ਦੇ ਚੱਕਰ ਵਿੱਚ ਲੱਖਾਂ ਰੁਪਏ ਲੁਟਾ ਬਹਿਣ ਦੀਆਂ ਘਟਨਾਵਾਂ ਵੀ ਨਿੱਤ ਸਾਹਮਣੇ ਆ ਰਹੀਆਂ ਹਨ।
ਅੰਧ-ਵਿਸ਼ਵਾਸਾਂ ਦੇ ਫੈਲਾਅ ਦੇ ਪਿੱਛੇ ਉਹ ਪ੍ਰਚਾਰ ਸਾਧਨ ਵੀ ਹਨ, ਜਿਹੜੇ ਵਿਗਿਆਨਕ ਨਜ਼ਰੀਏ ਦੀ ਥਾਂ ਕਰਾਮਾਤਾਂ ਦੀਆਂ ਝੂਠੀਆਂ ਕਹਾਣੀਆਂ ਪ੍ਰਚਾਰ ਕੇ ਲੋਕਾਂ ਨੂੰ ਮਾਨਸਿਕ ਰੋਗੀ ਬਣਾ ਰਹੇ ਹਨ। ਇਹ ਸਾਰੇ ਪ੍ਰਚਾਰ ਸਾਧਨ ਸੱਤਾਧਾਰੀ ਵਰਗ ਦੇ ਹੱਥ ਵਿੱਚ ਹਨ। ਇਸ ਲਈ ਇਨ੍ਹਾਂ ਤੋਂ ਭਲੇ ਦੀ ਆਸ ਰੱਖਣਾ ਗਲਤ ਹੈ। ਲੋਕਾਂ ਨੂੰ ਇਸ ਦਸ਼ਾ ਵਿੱਚੋਂ ਉਭਾਰਨ ਲਈ ਤਰਕਸ਼ੀਲਤਾ ਦੀ ਲਹਿਰ ਮਜ਼ਬੂਤ ਕਰਨ ਦੀ ਵੱਡੀ ਲੋੜ ਹੈ।