ਫਤਿਹਾਬਾਦ : ਆਰ ਜੇ ਡੀ ਆਗੂ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਐਤਵਾਰ ਕਿਹਾ ਕਿ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਜੇ ਡੀ (ਯੂ), ਅਕਾਲੀ ਦਲ ਤੇ ਸ਼ਿਵ ਸੈਨਾ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਵਿੱਚੋਂ ਬਾਹਰ ਆ ਗਏ ਹਨ। ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ ਜਨਮ ਵਰ੍ਹੇਗੰਢ ’ਤੇ ਇਨੈਲੋ ਵੱਲੋਂ ਰੱਖੀ ‘ਦੇਵੀ ਲਾਲ ਸਨਮਾਨ ਰੈਲੀ’ ਨੂੰ ਸੰਬੋਧਨ ਕਰਦਿਆਂ ਤੇਜਸਵੀ ਨੇ ਭਾਜਪਾ ਉੱਤੇ ਝੂਠੇ ਦਾਅਵੇ ਤੇ ਵਾਅਦੇ ਕਰਨ ਦਾ ਦੋਸ਼ ਲਾਉਦਿਆਂ ਉਸ ਨੂੰ ਬੜਕਾ ਝੂਠਾ ਪਾਰਟੀ (ਬੀ ਜੇ ਪੀ) ਕਰਾਰ ਦਿੱਤਾ। ਉਨ੍ਹਾ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਬਿਹਾਰ ਦੇ ਪੂਰਨੀਆਂ ਵਿਚ ਹਵਾਈ ਅੱਡੇ ਦੀ ਗੱਲ ਕੀਤੀ, ਜਦਕਿ ਸ਼ਹਿਰ ਵਿਚ ਕੋਈ ਹਵਾਈ ਅੱਡਾ ਹੀ ਨਹੀਂ ਹੈ।
ਉਨ੍ਹਾ ਕਿਹਾਹਰਿਆਣਾ ਤੇ ਪੰਜਾਬ ਦੇ ਪੁੱਤਰਾਂ ਨੇ ਖੇਤੀ ਕਾਨੂੰਨ ਖਿਲਾਫ ਸੰਘਰਸ਼ ਦੌਰਾਨ ਸੰਘੀਆਂ ਨੂੰ ਸਬਕ ਸਿਖਾਇਆ। ਲਾਲੂ ਜੀ ਇਨ੍ਹਾਂ ਫਿਰਕੂ ਤਾਕਤਾਂ ਅੱਗੇ ਕਦੇ ਨਹੀਂ ਝੁਕੇ। ਲਾਲੂ ਦਾ ਬੇਟਾ ਵੀ ਕਦੇ ਨਹੀਂ ਝੁਕੇਗਾ। ਜੋ ਡਰੇਗਾ ਵੋ ਮਰੇਗਾ, ਜੋ ਲੜੇਗਾ ਵੋ ਬਚੇਗਾ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਂਗਰਸ ਤੇ ਖੱਬੀਆਂ ਪਾਰਟੀਆਂ ਸਣੇ ਸਾਰੀਆਂ ਆਪੋਜ਼ੀਸ਼ਨ ਪਾਰਟੀਆਂ ਦੇ ਏਕੇ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹਾ ਮੋਰਚਾ ਹੀ ਭਾਜਪਾ ਨੂੰ 2024 ਦੀਆਂ ਆਮ ਚੋਣਾਂ ’ਚ ਕਰਾਰੀ ਹਾਰ ਦੇ ਸਕਦਾ ਹੈ। ਜੇ ਸਾਰੀਆਂ ਗੈਰ-ਭਾਜਪਾ ਪਾਰਟੀਆਂ ਇਕਮੁੱਠ ਹੋ ਜਾਣ ਤਾਂ ਉਹ ਦੇਸ਼ ਨੂੰ ਤਬਾਹ ਕਰਨ ਵਿਚ ਲੱਗੀ ਹੋਈ ਭਾਜਪਾ ਤੋਂ ਨਜਾਤ ਪਾ ਸਕਦੀਆਂ ਹਨ। ਉਨ੍ਹਾ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਨਹੀਂ। ਉਨ੍ਹਾ ਸਾਫ ਕੀਤਾ ਕਿ ਤੀਜੇ ਮੋਰਚੇ ਦਾ ਸੁਆਲ ਨਹੀਂ, ਕਾਂਗਰਸ ਸਮੇਤ ਇਕ ਹੀ ਮੋਰਚਾ ਹੋਣਾ ਚਾਹੀਦਾ ਹੈ, ਜੇ ਭਾਜਪਾ ਨੂੰ ਹਰਾਉਣਾ ਹੈ। ਉਨ੍ਹਾ ਇਹ ਵੀ ਕਿਹਾ ਕਿ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਕੋਈ ਲੜਾਈ ਨਹੀਂ ਤੇ ਭਾਜਪਾ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਡੀ (ਯੂ) ਦੇ ਸੀਨੀਅਰ ਆਗੂ ਕੇ ਸੀ ਤਿਆਗੀ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਉਦੋਂ ਦਿੱਲੀ ਦੀ ਸਲਤਨਤ ਨੂੰ ਵੰਗਾਰਨ ਲਈ ਪਟਨਾ ਤੋਂ ਇਥੇ ਆਏ ਹਨ, ਜਦੋਂ ਕਾਂਗਰਸ ਦੇ 8 ਸਾਬਕਾ ਮੁੱਖ ਮੰਤਰੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾ ਕਿਹਾ ਕਿ ਨਿਤੀਸ਼ ਕੁਮਾਰ ਨੂੰ ਈ ਡੀ, ਇਨਕਮ ਟੈਕਸ ਤੇ ਹੋਰਨਾਂ ਏਜੰਸੀ ਦਾ ਕੋਈ ਡਰ ਨਹੀਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਨੈਲੋ ਤੇ ਅਕਾਲੀ ਦਲ ਅਸਲੀ ਭਰਾ ਹਨ। ਕਿਸਾਨਾਂ ਦੇ ਹੱਕਾਂ ਦੀ ਰਾਖੀ ਰੈਲੀ ਵਿਚ ਬੈਠੇ ਆਗੂ ਹੀ ਕਰ ਸਕਦੇ ਹਨ। ਉਨ੍ਹਾ ਭਾਜਪਾ ਨੂੰ ਉਖਾੜਨ ਲਈ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ।
ਰੈਲੀ ਵਿਚ ਕਾਂਗਰਸ ਦਾ ਕੋਈ ਆਗੂ ਨਹੀਂ ਪੁੱਜਾ, ਹਾਲਾਂਕਿ ਇਨੈਲੋ ਨੇ ਕਿਹਾ ਸੀ ਕਿ ਭਾਜਪਾ ਨੂੰ ਸੂਬੇ ਤੇ ਕੌਮੀ ਪੱਧਰ ’ਤੇ ਸੱਤਾ ਤੋਂ ਭਜਾਉਣ ਲਈ ਉਹ ਕਾਂਗਰਸ ਨਾਲ ਵੀ ਹੱਥ ਮਿਲਾਉਣ ਲਈ ਤਿਆਰ ਹੈ।