ਬੋਹਾ/ਬੁਢਲਾਡਾ
(ਅਸ਼ੋਕ ਲਾਕੜਾ, ਨਿਰੰਜਣ ਬੋਹਾ)
ਭਾਰਤੀ ਕਮਿਊਨਿਸਟ ਪਾਰਟੀ ਬਲਾਕ ਇਕਾਈ ਬੁਢਲਾਡਾ ਦੇ ਜਨਰਲ ਅਜਲਾਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੌਮੀ ਕੌੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਭਾਰਤ- ਅਮਰੀਕਾ ਵਪਾਰ ਸਮਝੌਤਾ ਪੂਰੀ ਤਰ੍ਹਾਂ ਭਾਰਤ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਅਣਦੇਖਿਆਂ ਕਰਕੇ ਕੀਤਾ ਗਿਆ ਹੈ ਤੇ ਇਹ ਸਮਝੌਤਾ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਕੇ ਰੱਖ ਦੇਵੇਗਾ। ਉਨ੍ਹਾ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਅਮਰੀਕੀ ਰਾਸ਼ਟਰਪਤੀ ਦੇ ਇਸ਼ਾਰਿਆਂ ’ਤੇ ਕੱਠਪੁਤਲੀ ਵਾਂਗ ਨੱਚ ਰਿਹਾ ਹੈ। ਉਹਨਾ ਸੀ ਪੀ ਆਈ ਦੇ ਮੈਬਰਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀਆਂ ਜਮਹੂਰੀਅਤ ਪਸੰਦ ਤਾਕਤਾਂ ਵੱਲੋਂ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਦਸ ਮਾਰਚ ਨੂੰ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ।ਉਨ੍ਹਾ ਕਿਹਾ ਕਿ ਇਜ਼ਰਾਈਲ ਤੇ ਅਮਰੀਕਾ ਵੱਲੋਂ ਭਾਰਤ ਦੇ ਮਿੱਤਰ ਦੇਸ਼ ਈਰਾਨ ’ਤੇ ਕੀਤਾ ਹਮਲਾ ਪੂਰੀ ਤਰਾਂ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਵਿਰੁੱਧ ਹੈ, ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਇਸ ਦੇ ਖਿਲਾਫ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ।ਉਨ੍ਹਾ ਕਿਹਾ ਕਿ ਖੱਬੀਆਂ ਪਾਰਟੀਆ ਦਾ ਏਕਾ ਇਸ ਵੇਲੇ ਦੇਸ਼ ਦੀ ਜ਼ਰੂਰਤ ਹੈ, ਤਾਂ ਕਿ ਲੋਕਾਂ ਨੂੰ ਇਕ ਚੰਗਾ ਸਿਆਸੀ ਬਦਲ ਮਿਲ ਸਕੇ।ਉਨ੍ਹਾਂ ਪੰਜਾਬ ਵਿਚ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ’ਤੇ ਵੀ ਨਿਸ਼ਾਨੇ ਸਾਧੇ।ਪਾਰਟੀ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਕਿਹਾ ਕਿ ਅਮਰੀਕਾਂ ਦੀ ਨਜ਼ਰ ਈਰਾਨ ਦੇ ਤੇਲ ਭੰਡਾਰ ’ਤੇ ਹੈ, ਪਰ ਉਸ ਬਹਾਨਾ ਇਹ ਬਣਾਇਆ ਹੈ ਕਿ ਈਰਾਨ ਪ੍ਰਮਾਣੂ ਬੰਬ ਬਣਾ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਸ਼ੁਰੂ ਤੋਂ ਹੀ ਲੋਕ ਹੱਕਾਂ ਦੀ ਲੜਾਈ ਲੜਦੀ ਆਈ ਹੈ ਅਤੇ ਅੱਗੇ ਲਈ ਵੀ ਲੜਦੀ ਰਹੇਗੀ। ਅਜਲਾਸ ਨੂੰ ਸਹਾਇਕ ਜ਼ਿਲ੍ਹਾ ਸਕੱਤਰ ਵੇਦ ਪ੍ਰਕਾਸ਼, ਬਲਾਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਨਿਰੰਜਣ ਬੋਹਾ, ਮਲਕੀਤ ਸਿੰਘ ਮੰਦਰਾਂ ਤੇ ਜਗਸੀਰ ਸਿੰਘ ਰਾਏ ਕੇ ਨੇ ਵੀ ਸੰਬੋਧਿਤ ਕੀਤਾ।ਇਸ ਮੌਕੇ ਮਾਸਟਰ ਲਾਭ ਸਿੰਘ ਬਰ੍ਹੇ , ਤੇਜ ਰਾਮ ਅਹਿਮਦਪੁਰ, ਅਸ਼ੋਕ ਲਾਕੜਾ, ਭੁਪਿੰਦਰ ਸਿੰਘ ਗੁਰਨੇ, ਰਘੂ ਨਾਥ ਸਿੰਗਲਾ, ਤਰਸੇਮ ਸੈਕਟਰੀ ਬੋਹਾ, ਜਗਨ ਨਾਥ ਬੋਹਾ, ਜੱਗਾ ਸਿੰਘ ਸ਼ੇਰ ਖਾਂ, ਮਲਕੀਤ ਸਿੰਘ ਬਖਸ਼ੀਵਾਲਾ, ਗੁਰਦੀਪ ਰਾਣਾ ਤੇ ਗੁਰਦਾਸ ਸਿੰਘ ਬੋਹਾ ਆਦਿ ਹਾਜ਼ਰ ਸਨ।





