ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)-ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਆਰ ਐੱਮ ਪੀ ਆਈ ਅਤੇ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਦੇ ਸੈਂਕੜੇ ਕਾਰਕੁੰਨਾਂ ਨੇ ਇਕੱਠੇ ਹੋ ਕੇ ਐਤਵਾਰ ਪੁਤਲੀਘਰ ਚੌਕ ਵਿਖੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸਾਥੀ ਅਮਰਜੀਤ ਸਿੰਘ ਆਸਲ, ਰਤਨ ਸਿੰਘ ਰੰਧਾਵਾ, ਚਰਨਜੀਤ ਸਿੰਘ ਮਜੀਠਾ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਲੱਖਬੀਰ ਸਿੰਘ ਨਿਜਾਮਪੁਰ, ਵਿਜੈ ਕਪੂਰ, ਭੈਣਜੀ ਦਸਵਿੰਦਰ ਕੌਰ, ਭੈਣਜੀ ਕੰਵਲਜੀਤ ਕੌਰ ਅਤੇ ਬਲਬੀਰ ਸਿੰਘ ਮੂਧਲ ਨੇ ਕਿਹਾ ਕਿ ਟਰੰਪ ਨੇ ਇਜ਼ਰਾਈਲ ਨਾਲ ਮਿਲ ਕੇ ਜੋ ਹਮਲਾ ਈਰਾਨ ਦੇ ਲੋਕਾਂ ’ਤੇ ਕੀਤਾ ਹੈ, ਉਸ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਜੰਗ ਦੇ ਪੂਰੀ ਦੁਨੀਆ ’ਤੇ ਪੈਣ ਵਾਲੇ ਪ੍ਰਭਾਵਾਂ ਨਾਲ ਮਹਿੰਗਾਈ ਤੇ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ। ਖਾਸ ਕਰਕੇ ਭਾਰਤ ਦੀ ਸਰਕਾਰ ਜਿਸ ਤਰ੍ਹਾਂ ਅਮਰੀਕੀ ਹਾਕਮਾਂ ਦੇ ਥੱਲੇ ਲੱਗ ਕੇ ਹਿੰਦੋਸਤਾਨ ਦੇ ਗੌਰਵ ਨੂੰ ਢਾਹ ਲਾ ਰਹੀ ਹੈ। ਇਸ ਦੇ ਦੂਰਰਸ ਤੇ ਭਿਆਨਕ ਸਿੱਟੇ ਨਿਕਲਣਗੇ। ਜਿਸ ਨਾਲ ਭਾਰਤ ਦੀ ਅਰਥਵਿਵਸਥਾ ’ਤੇ ਬੁਰਾ ਪ੍ਰਭਾਵ ਪਵੇਗਾ। ਭਾਰਤ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਵਾਸਤੇ ਤੇਲ ਅਤੇ ਗੈਸ ਦਾ ਵੱਡਾ ਹਿੱਸਾ ਦਰਾਮਦ ਕਰਦਾ ਹੈ। ਇਸ ਜੰਗ ਨਾਲ ਜਿੱਥੇ ਇਹਨਾਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ, ਉਥੇ ਤੇਲ ਦੀਆਂ ਕੀਮਤਾਂ ਵਧਣ ਨਾਲ ਆਮ ਖਪਤਕਾਰਾਂ ’ਤੇ ਮਹਿੰਗਾਈ ਦਾ ਬੋਝ ਹੋਰ ਵਧੇਗਾ।ਭਾਰਤ ਸਰਕਾਰ ਨੇ ਗੈਸ ਦੇ ਘਰੇਲੂ ਖਪਤਕਾਰਾਂ ਦੇ ਸਿਲੰਡਰ ਵਿੱਚ 60 ਰੁਪਏ ਅਤੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 140 ਰੁਪਏ ਦਾ ਵਾਧਾ ਕਰਕੇ ਲੋਕਾਂ ’ਤੇ ਬੋਝ ਵੀ ਲੱਦ ਦਿੱਤਾ ਹੈ। ਬੁਲਾਰਿਆਂ ਨੇ ਇਸ ਜੰਗ ਨੂੰ ਤੁਰੰਤ ਰੋਕਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਜੰਗ ਦੀ ਮਾਰ ਹੇਠ ਪੰਜਾਬ ਅਤੇ ਹਰਿਆਣੇ ਦੇ ਬਾਸਮਤੀ ਪੈਦਾ ਕਰਨ ਵਾਲੇ ਕਿਸਾਨਾਂ ਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ, ਕਿਉਕਿ ਸਮੁੰਦਰੀ ਰਸਤੇ ਹੋਣ ਵਾਲੀ ਸਾਰੀ ਬਰਾਮਦ ਬੰਦ ਹੋ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਵੇਰਕਾ, ਰਜੇਸ਼ ਯਾਦਵ, ਕੁਲਵੰਤ ਰਾਏ ਬਾਵਾ, ਮੰਗਲ ਸਿੰਘ ਬਾਸਰਕੇ, ਸਵਿੰਦਰ ਸਿੰਘ ਮੀਰਾਂ ਕੋਟ ਆਦਿ ਹਾਜ਼ਰ ਸਨ।





