27 ਨੂੰ ਦੇਸ਼ ਭਗਤ ਯਾਦਗਾਰ ਹਾਲ ’ਚ ਰੰਗਮੰਚ ਦਿਹਾੜਾ

0
10

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 27 ਮਾਰਚ ਨੂੰ ਦਿਨੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਦਿਹਾੜਾ ਉਸ ਮੌਕੇ ਮਨਾਇਆ ਜਾ ਰਿਹਾ ਹੈ, ਜਦੋਂ ਕੁੱਲ ਦੁਨੀਆ ਦੇ ਲੋਕਾਂ ਉਪਰ ਅਮਰੀਕੀ-ਇਜ਼ਰਾਇਲੀ ਹਾਕਮਾਂ ਵੱਲੋਂ ਜਬਰੀ ਨਿਹੱਕੀ ਜੰਗ ਮੜ੍ਹ ਕੇ ਕੁਦਰਤੀ ਅਨਮੋਲ ਖਜ਼ਾਨੇ ਲੁੱਟਣ ਅਤੇ ਵਿਸ਼ਵ ਬਾਜ਼ਾਰ ਨੂੰ ਆਪਣੀਆਂ ਨੀਤੀਆਂ ਮੁਤਾਬਕ ਕਾਬੂ ਕਰਨ ਲਈ ਹੱਲਾ ਬੋਲਿਆ ਜਾ ਰਿਹਾ ਹੈ। ਅਜਿਹੇ ਮੌਕੇ ਦੁਨੀਆ ਦੇ ਰੰਗਮੰਚ ਤੋਂ ਸਾਮਰਾਜੀ ਅਤੇ ਉਹਨਾਂ ਦੀਆਂ ਹਿੱਤ ਪਾਲਕ ਤਾਕਤਾਂ ਦੇ ਚੰਦਰੇ ਮਨਸੂਬੇ ਨਾਕਾਮ ਕਰਨ ਦਾ ਸੁਨੇਹਾ ਦੇਵੇਗਾ ਰੰਗਮੰਚ ਦਿਹਾੜਾ। ਇਹ ਦਿਹਾੜਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਦਿਹਾੜਾ ਬਣ ਕੇ ਸਾਹਮਣੇ ਆਏਗਾ।
ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ‘ਜ਼ਿੰਦਗੀ ਰੰਗ ਮੰਚ ਹੈ’ ਵਿਸ਼ੇ ’ਤੇ ਵਿਚਾਰ ਸਾਂਝੇ ਕਰਨਗੇ। ਇਸ ਉਪਰੰਤ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਸੀਸ ਤਲੀ ’ਤੇ’ ਨਿਰਦੇਸ਼ਕ ਕਰਾਂਤੀਪਾਲ ਅਤੇ ਸਹਿਯੋਗੀ ਪਿ੍ਰਤਪਾਲ ਦੀ ਨਿਰਦੇਸ਼ਨਾ ’ਚ ਅਤੇ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ ’ਚ ਲਘੂ-ਨਾਟਕ ‘ਮੋਇਆਂ ਦੇ ਖ਼ਤ’ ਅਦਾਕਾਰ ਆਰੂਸ਼ੀ ਤੇ ਐੱਸ.ਪੀ. ਸਿੰਘ ਵੱਲੋਂ ਖੇਡਿਆ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ, ਵਿਦਵਾਨਾਂ, ਲੇਖਕਾਂ ਅਤੇ ਰੰਗਕਰਮੀਆਂ ਨੂੰ ਇਸ ਸਮਾਗਮ ’ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।