ਲੁਧਿਆਣਾ (ਰੈਕਟਰ ਕਥੂਰੀਆ,
ਕਾਰਤਿਕਾ ਸਿੰਘ)
ਪੰਜਾਬ ਇਸਤਰੀ ਸਭਾ (ਭਾਰਤੀ ਮਹਿਲਾ ਫੈਡਰੇਸ਼ਨ) ਵੱਲੋਂ ਈਸੜੂ ਭਵਨ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ, ਗੰਭੀਰ ਵਿਚਾਰ-ਚਰਚਾ ਅਤੇ ਜਾਗਰੂਕਤਾ ਦੇ ਮਾਹੌਲ ਵਿੱਚ ਮਨਾਇਆ ਗਿਆ। ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਸਾਹਿਤਕਾਰ ਅਤੇ ਸਾਹਿਤ ਅਕੈਡਮੀ ਅਵਾਰਡ ਨਾਲ ਸਨਮਾਨਤ ਡਾ. ਪਾਲ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਯੂਨੀਵਰਸਿਟੀ ਤੋਂ ਡਾ. ਜਸ਼ਨਪ੍ਰੀਤ ਕੌਰ ਵਿਸ਼ੇਸ਼ ਵਕਤਾ ਸਨ।
ਪ੍ਰੋਗਰਾਮ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਕੁਲਵੰਤ ਕੌਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਨੂੰ ਸਫਲ ਬਣਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ਦੀਆਂ ਆਗੂ ਭੈਣਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਵੱਖ-ਵੱਖ ਵਰਗਾਂ ਦੀਆਂ ਮਹਿਲਾਵਾਂ ਅਤੇ ਸਮਾਜਿਕ ਕਰਮੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਸਮਾਜਿਕ ਬਦਲਾਅ ਅਤੇ ਮਹਿਲਾ ਸਸ਼ਕਤੀਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੀਆਂ ਪ੍ਰੇਰਕ ਮਹਿਲਾਵਾਂ ਨੂੰ ਯਾਦ ਕੀਤਾ। ਉਨ੍ਹਾ ਖ਼ਾਸ ਤੌਰ ’ਤੇ ਕਲਾਰਾ ਜੈਟਕਿਨ, ਜੈਨੀ ਮਾਰਕਸ, ਗ਼ਦਰੀ ਗੁਲਾਬ ਕੌਰ, ਸਾਵਿਤਰੀ ਬਾਈ ਫੂਲੇ, ਦੁਰਗਾ ਭਾਬੀ, ਕਲਪਨਾ ਚਾਵਲਾ, ਗ੍ਰੇਟਾ ਥਨਬਰਗ, ਮਲਾਲਾ ਯੂਸਫ਼ਜ਼ਈ, ਗੀਤਾ ਮੁਖਰਜੀ ਅਤੇ ਵਿਮਲਾ ਡਾਂਗ ਆਦਿ ਵਰਗੀਆਂ ਮਹਾਨ ਸ਼ਖਸੀਅਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਨੇ ਆਪਣੇ ਸੰਘਰਸ਼, ਹਿੰਮਤ ਅਤੇ ਦਿ੍ਰੜ੍ਹ ਨਿਸ਼ਚੇ ਨਾਲ ਸਮਾਜ ਵਿੱਚ ਬਦਲਾਅ ਦੀ ਰਾਹ ਹੰਭੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀਆਂ।
ਇਸ ਤੋਂ ਬਾਅਦ ਮੁੱਖ ਵਕਤਾ ਡਾ. ਪਾਲ ਕੌਰ ਨੇ ਅੱਜ ਤੱਕ ਮਹਿਲਾਵਾਂ ਵਿਰੁੱਧ ਸਮਾਜਕ ਬੇਇਨਸਾਫੀਆਂ, ਭੇਦਭਾਵ, ਕੁਰਿਵਾਜਾਂ ਅਤੇ ਪਿਤਰ ਸੱਤਾਤਮਕ ਸੋਚ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾ ਕਿਹਾ ਕਿ ਭਾਵੇਂ ਸਮਾਜ ਵਿੱਚ ਕਾਫ਼ੀ ਬਦਲਾਅ ਆਇਆ ਹੈ, ਪਰ ਅਜੇ ਵੀ ਕਈ ਖੇਤਰਾਂ ਵਿੱਚ ਮਹਿਲਾਵਾਂ ਨੂੰ ਬਰਾਬਰੀ ਦੇ ਅਧਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਉਨ੍ਹਾ ਮਹਿਲਾਵਾਂ ਦੀ ਸਿੱਖਿਆ, ਸਵੈ-ਨਿਰਭਰਤਾ ਅਤੇ ਸਮਾਜਿਕ ਜਾਗਰੂਕਤਾ ਨੂੰ ਸਮੇਂ ਦੀ ਵੱਡੀ ਲੋੜ ਦੱਸਿਆ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਦਿਸ਼ਾ ਵਿੱਚ ਸਾਂਝੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ।
ਡਾ. ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਕਈ ਵਾਰ ਸਮਾਜਕ ਅਤੇ ਸੱਭਿਆਚਾਰਕ ਪਿਛੋਕੜ ਮਹਿਲਾਵਾਂ ਦੀ ਅੱਗੇ ਵਧਣ ਦੀ ਯਾਤਰਾ ਵਿੱਚ ਰੁਕਾਵਟ ਬਣ ਜਾਂਦਾ ਹੈ। ਉਨ੍ਹਾਂ ਨੇ ਦਰਸਾਇਆ ਕਿ ਸਮਾਜ ਵਿੱਚ ਮੌਜੂਦ ਰਵਾਇਤੀ ਧਾਰਨਾਵਾਂ ਅਤੇ ਧਾਰਮਿਕ-ਸੰਸ�ਿਤਿਕ ਢਾਂਚੇ ਅਕਸਰ ਮਹਿਲਾਵਾਂ ਦੀ ਸੰਭਾਵਨਾ ਨੂੰ ਸੀਮਿਤ ਕਰ ਦਿੰਦੇ ਹਨ। ਉਨ੍ਹਾ ਆਪਣੇ ਸੰਬੋਧਨ ਨੂੰ ਇੱਕ ਸੰਵੇਦਨਸ਼ੀਲ ਅਤੇ ਪ੍ਰੇਰਕ ਕਵਿਤਾ ਨਾਲ ਸਮਾਪਤ ਕੀਤਾ, ਜਿਸ ਨੇ ਹਾਜ਼ਰ ਭੈਣਾਂ ’ਤੇ ਡੂੰਘਾ ਪ੍ਰਭਾਵ ਛੱਡਿਆ।
ਇਸ ਮੌਕੇ ਯੂ ਟੀ ਚੰਡੀਗੜ੍ਹ ਦੀ ਜਨਰਲ ਸਕੱਤਰ ਵੀਨਾ ਜੰਮੂ ਨੇ ਸਫ਼ਲ ਪ੍ਰੋਗਰਾਮ ਦੀ ਮੁਬਾਰਕਬਾਦ ਦਿੰਦਿਆਂ ਪੰਜਾਬ ਇਸਤਰੀ ਸਭਾ ਦੀ ਆਗੂ ਟੀਮ ਦੀ ਸ਼ਲਾਘਾ ਕੀਤੀ। ਇਸ ਉਪਰੰਤ ਸੂਬਾ ਪ੍ਰਧਾਨ ਵੱਲੋਂ ਅਮਰੀਕਾ ਤੇ ਇਜ਼ਰਾਈਲ ਦੇ ਸਾਮਰਾਜੀ ਗਠਜੋੜ ਵਿਰੁੱਧ ਇਕ ਮਤਾ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਭੈਣਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ। ਪ੍ਰੋਗਰਾਮ ਦੌਰਾਨ ਮਹਿਲਾਵਾਂ ਦੇ ਹੱਕਾਂ, ਸਮਾਨਤਾ ਅਤੇ ਸਸ਼ਕਤੀਕਰਨ ਸੰਬੰਧੀ ਮਹੱਤਵਪੂਰਨ ਵਿਚਾਰਾਂ ਦੀ ਸਾਂਝ ਪਾਈ ਗਈ। ਅੰਤ ਵਿੱਚ ਮਹਿਲਾਵਾਂ ਦੀ ਤਰੱਕੀ, ਬਰਾਬਰੀ ਅਤੇ ਸਮਾਜਿਕ ਨਿਆਂ ਲਈ ਇਕੱਠੇ ਹੋ ਕੇ ਜਾਗਰੂਕਤਾ ਫੈਲਾਉਣ ਅਤੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਸਮਾਗਮ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਤੋਂ 100 ਤੋਂ ਵੱਧ ਮਹਿਲਾਵਾਂ ਨੇ ਭਾਗ ਲਿਆ, ਜਿਸ ਨਾਲ ਇਹ ਪ੍ਰੋਗਰਾਮ ਮਹਿਲਾ ਏਕਤਾ, ਸਾਂਝ ਅਤੇ ਸਸ਼ਕਤੀਕਰਨ ਦਾ ਇੱਕ ਮਹੱਤਵਪੂਰਨ ਮੰਚ ਬਣਿਆ। ਇਸ ਉਪਰੰਤ ਡਾ. ਪਾਲ ਕੌਰ, ਡਾ ਜਸ਼ਨਪ੍ਰੀਤ ਕੌਰ ਅਤੇ ਕਾਰਤਿਕਾ ਨੂੰ ਸ਼ਾਲ ਦੇ ਕੇ ਸਨਮਾਨਤ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਰੁਪਿੰਦਰ ਮਾੜੀਮੇਘਾ, ਬਲਜੀਤ ਗਦਾਈਆ, ਸੁਦੇਸ਼ ਕੁਮਾਰੀ, ਨਸੀਬ ਕੌਰ, ਪ੍ਰੇਮ ਲਤਾ, ਗੁਰਬਖਸ਼ ਰਾਹੋਂ, ਤਿ੍ਰਪਤ ਕਾਲੀਆ, ਜੋਗਿੰਦਰ ਕੌਰ, ਸੁਰਜੀਤ ਕਾਲੜਾ, ਸੁਰਿੰਦਰ ਧੂਰੀ, ਕੁਸਮ ਲਤਾ, ਹਰਸ਼ਰਨ ਕੌਰ, ਖੁਸ਼ਪਿੰਦਰ ਚੌਹਾਨ, ਪਰਮਜੀਤ ਕੌਰ, ਰਵੀ ਕਾਂਤਾ, ਨਤਾਸ਼ਾ, ਹਰਪ੍ਰੀਤ ਮਲੋਟ, ਸਵਰਨ ਕਾਂਤਾ, ਜਸਬੀਰ ਕੌਰ ਆਦਿ ਹਾਜ਼ਰ ਸਨ। ਅਖੀਰ ਵਿੱਚ ਸੂਬਾ ਪ੍ਰਧਾਨ ਵੱਲੋਂ ਵਰਕਿੰਗ ਪ੍ਰਧਾਨ ਗਰਗੀ ਚਕ੍ਰਵਰਤੀ, ਮਨਜੀਤ ਗਾਮੀਵਾਲਾ, ਸੁਮਿਤਰਾ ਤੇ ਹਰਜੀਤ ਢੰਡੀਆਂ ਦੀ ਭਾਬੀ ਅਤੇ ਗੁਰਬਖਸ਼ ਰਾਹੋਂ ਦੀ ਭੈਣ ਦੀ ਬੇਵਕਤ ਮੌਤ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੰਜਾਬ ਭਰ ਤੋਂ ਪਹੁੰਚੀਆਂ ਭੈਣਾਂ ਦਾ ਧੰਨਵਾਦ ਕਰਦਿਆਂ ਜਨਰਲ ਸਕੱਤਰ ਨਰਿੰਦਰ ਸੋਹਲ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ।





