ਚੰਡੀਗੜ੍ਹ (ਗਿਆਨ ਸੈਦਪੁਰੀ)-ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਤੇ ਤਿੱਖੀ ਪ੍ਰਤੀ�ਿਆ ਪ੍ਰਗਟ ਕੀਤੀ ਹੈ। ਇਥੇ ਜਾਰੀ ਇੱਕ ਲਿਖਤੀ ਬਿਆਨ ਵਿਚ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਅਤੇ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਬਜਟ ਨੇ ਪਿੰਡਾਂ ਦੇ ਖੇਤ ਮਜ਼ਦੂਰ ਵਰਗ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀਆਂ ਗਰੰਟੀਆਂ ਵਿਚ ਵਾਅਦਾ ਕੀਤਾ ਸੀ ਕਿ ਸਮਾਜਕ ਸੁਰੱਖਿਆ ਅਧੀਨ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਆਦਿ ਨੂੰ ਦਿੱਤੀ ਜਾਂਦੀ ਪੈਨਸ਼ਨ 1500 ਤੋਂ ਵਧਾ ਕੇ 2500 ਰੁਪਏ ਕੀਤੀ ਜਾਵੇਗੀ। ਪੇਸ਼ ਕੀਤਾ ਗਿਆ ਬਜਟ ਇਸ ਗਰੰਟੀ ਬਾਰੇ ਚੁੱਪ ਹੈ। ਦਾਅਵੇ ਇਹ ਕੀਤੇ ਜਾ ਰਹੇ ਹਨ ਕਿ ਆਖਰੀ ਗਰੰਟੀ ਵੀ ਪੂਰੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਮਜ਼ਦੂੂਰ ਜਥੇਬੰਦੀਆਂ ਦੀ ਪੈਨਸ਼ਨ ਲੱਗਣ ਦੀ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਕੀਤੇ ਜਾਣ ਦੀ ਮੰਗ ਵੀ ਨਹੀਂ ਮੰਨੀ ਗਈ। ਲਗਦਾ ਇਹ ਹੈ ਕਿ ਮਜ਼ਦੂਰਾਂ ਦੀਆਂ ਮੰਗਾਂ ਖੂਹ-ਖਾਤੇ ਪਾ ਦਿੱਤੀਆਂ ਗਈਆਂ ਹਨ। ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਬੁਢਾਪਾ, ਵਿਧਵਾ ਤੇ ਅੰਗਹੀਣਾਂ ਦੀ ਪੈਨਸ਼ਨ 5000 ਰੁਪਏ ਕੀਤੀ ਜਾਵੇ। ਇਸ ਮੌਕੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।





