ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਮੰਗਲਵਾਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ‘ਨਿੰਦਾ ਮਤਾ’ ਭਾਰੀ ਹੰਗਾਮੇ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਔਰਤਾਂ ਵਿਰੁੱਧ ਵਰਤੀ ਗਈ ਕਥਿਤ ਅਪਮਾਨਜਨਕ ਸ਼ਬਦਾਵਲੀ ਦੇ ਮੁੱਦੇ ’ਤੇ ਸੱਤਾ ਪੱਖ ਵੱਲੋਂ ਲਿਆਂਦੇ ਗਏ ਇਸ ਮਤੇ ’ਤੇ ਸਦਨ ਵਿੱਚ ਤਿੱਖੀ ਨੋਕ-ਝੋਕ ਹੋਈ। ਬਹਿਸ ਮਗਰੋਂ ਜ਼ੁਬਾਨੀ ਵੋਟਿੰਗ ਹੋਈ। ਸਪੀਕਰ ਨੇ ਜ਼ੁਬਾਨੀ ਵੋਟਿੰਗ ਲਈ ਕਾਂਗਰਸੀ ਵਿਧਾਇਕਾਂ ਨੂੰ ਲਗਾਤਾਰ ਤਿੰਨ ਮੌਕੇ ਦਿੱਤੇ, ਪਰ ਕਾਂਗਰਸੀ ਵਿਧਾਇਕਾਂ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਰੱਖੀ। ਇਸ ’ਤੇ ਸਪੀਕਰ ਨੇ ਸਪੱਸ਼ਟ ਕੀਤਾ ਕਿ ਕਾਂਗਰਸੀ ਵਿਧਾਇਕਾਂ ਦੀ ਇਸ ਚੁੱਪ ਨੂੰ ਮਤੇ ਦੇ ਵਿਰੋਧ (ਨਾਂਹ) ਵਿੱਚ ਮੰਨਿਆ ਜਾਵੇਗਾ।
ਖਹਿਰਾ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਸੰਬੰਧੀ ਪਾਈ ਗਈ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਿਆਸੀ ਭੁਚਾਲ ਲਿਆ ਦਿੱਤਾ ਸੀ। (ਖਹਿਰਾ ਨੇ ਕਿਹਾ ਸੀ ਕਿ 1000 ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਬੀਬੀਆਂ ਕਿੱਥੋਂ ਜੰਮ ਲੈਣਗੀਆਂ ਸੂਰਮੇ? ) ‘ਆਪ’ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਸਦਨ ਵਿੱਚ ਖਹਿਰਾ ਵਿਰੁੱਧ ‘ਨਿੰਦਾ ਮਤਾ’ ਪੇਸ਼ ਕੀਤਾ, ਜਿਸ ਦੀ ਪ੍ਰੋੜ੍ਹਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ। ਮਾਣੂਕੇ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਖਹਿਰਾ ਦੀ ਟਿੱਪਣੀ ਔਰਤਾਂ ਦੇ ਸਨਮਾਨ ਦੇ ਖਿਲਾਫ ਹੈ ਅਤੇ ਇਸ ਲਈ ਉਨ੍ਹਾ ਨੂੰ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ‘ਆਪ’ ਵਿਧਾਇਕ ਇੰਦਰਜੀਤ ਕੌਰ, ਜੀਵਨਜੋਤ ਕੌਰ, ਡਾ. ਅਮਨਦੀਪ ਅਰੋੜਾ ਤੇ ਸਰਬਜੀਤ ਕੌਰ ਮਾਣੂਕੇ ਨੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਖਹਿਰਾ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਸ਼ੁਰੂ ਹੋਏ ਇਸ ਹੰਗਾਮੇ ਦੌਰਾਨ ਵਿੱਤ ਚੀਮਾ ਨੇ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਵਾਰ-ਵਾਰ ਦਲਿਤ ਸਮਾਜ ਦਾ ਅਪਮਾਨ ਕਰ ਰਹੇ ਸਨ। ਮਾਹੌਲ ਤਣਾਅਪੂਰਨ ਹੁੰਦਾ ਦੇਖ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਨੂੰ 30 ਮਿੰਟ ਲਈ ਮੁਲਤਵੀ ਕਰ ਦਿੱਤਾ। ਖਹਿਰਾ ਦੀ ਪੋਸਟ ਨੂੰ ਲੈ ਕੇ ਚੱਲ ਰਹੀ ਬਹਿਸ ਦੌਰਾਨ ਮਾਹੌਲ ਉਸ ਵੇਲੇ ਹੋਰ ਭਖ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ’ਤੇ ਤਿੱਖੇ ਨਿਸ਼ਾਨੇ ਸੇਧੇ। ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਨੀਵ ਕੌਰ ਨੂੰ ਬੋਲਣ ਦਾ ਮੌਕਾ ਦਿੰਦਿਆਂ ਕਿਹਾ, ਹਾਂ ਬੀਬਾ ਜੀ, ਤੁਸੀਂ ਬੋਲੋ। ਸਪੀਕਰ ਵੱਲੋਂ ਵਰਤੇ ਗਏ ‘ਬੀਬਾ ਜੀ’ ਸ਼ਬਦ ’ਤੇ ਜਦੋਂ ਸੱਤਾ ਪੱਖ ਦੀਆਂ ਕੁਝ ਮਹਿਲਾ ਵਿਧਾਇਕਾਂ ਹੱਸਣ ਲੱਗੀਆਂ, ਤਾਂ ਗਨੀਵ ਕੌਰ ਨੇ ਸਖਤ ਇਤਰਾਜ਼ ਜਤਾਇਆ। ਉਨ੍ਹਾ ਕਿਹਾ ਕਿ ਬੀਬਾ ਜੀ ਕਹਿਣ ’ਤੇ ਹੱਸਣ ਵਾਲੀਆਂ ਇਹ ਵਿਧਾਇਕਾਂ ਕੀ ਔਰਤਾਂ ਦਾ ਸਨਮਾਨ ਕਰ ਰਹੀਆਂ ਹਨ? ਉਨ੍ਹਾ ਅੱਗੇ ਵਧਦਿਆਂ ਸੂਬੇ ਵਿੱਚ ਹੋ ਰਹੇ ਪੁਲਸ ਮੁਕਾਬਲਿਆਂ ਦਾ ਮੁੱਦਾ ਚੁੱਕਿਆ ਅਤੇ ਪੁੱਛਿਆ ਕਿ ਪੰਜਾਬ ਵਿੱਚ ਜੋ ਨੌਜਵਾਨ ਮੁਕਾਬਲਿਆਂ ਵਿੱਚ ਮਾਰੇ ਜਾ ਰਹੇ ਹਨ, ਕੀ ਉਨ੍ਹਾਂ ਦੀਆਂ ਮਾਵਾਂ ਨੂੰ ਇਨਸਾਫ ਮਿਲਿਆ ਹੈ? ਗਨੀਵ ਕੌਰ ਦੇ ਇਸ ਹਮਲੇ ਨੇ ਸਦਨ ਵਿੱਚ ਔਰਤਾਂ ਦੇ ਸਨਮਾਨ ਅਤੇ ਕਾਨੂੰਨ ਵਿਵਸਥਾ ਦੀ ਬਹਿਸ ਨੂੰ ਇੱਕ ਨਵਾਂ ਮੋੜ ਦੇ ਦਿੱਤਾ।
ਇਸ ਤੋਂ ਪਹਿਲਾਂ ਮੈਡੀਕਲ ਕਾਲਜਾਂ ਦੀ ਉਸਾਰੀ ਦੇ ਮੁੱਦੇ ਨੂੰ ਲੈ ਕੇ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲਿਆ। ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ ਪਹਿਲੇ ਸਾਲ 16 ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਸਿਰਫ 5 ਕਾਲਜਾਂ ਦਾ ਹੀ ਵੇਰਵਾ ਦੇ ਸਕੀ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਬਾਕੀ ਦੱਸੇ ਜਾ ਰਹੇ ਕਾਲਜ ਪ੍ਰਾਈਵੇਟ ਹਨ ਅਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ।
ਜਵਾਬ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਾਂਗਰਸ ’ਤੇ ਪਿਛਲੇ 40 ਸਾਲਾਂ ਵਿੱਚ ਕੁਝ ਨਾ ਕਰਨ ਦਾ ਦੋਸ਼ ਮੜ੍ਹਦਿਆਂ ਕਿਹਾ ਕਿ ‘ਆਪ’ ਸਰਕਾਰ ਨੇ 4 ਸਾਲਾਂ ਵਿੱਚ ਮਿਸਾਲੀ ਕੰਮ ਕੀਤੇ ਹਨ। ਇਸ ਬਹਿਸ ਦੌਰਾਨ ਮਾਹੌਲ ਉਦੋਂ ਹੋਰ ਭਖ ਗਿਆ ਜਦੋਂ ਮੰਤਰੀ ਅਮਨ ਅਰੋੜਾ ਦੇ ਬੋਲਣ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਸਖਤ ਇਤਰਾਜ਼ ਜਤਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ’ਤੇ ਅਪਸ਼ਬਦ ਬੋਲਣ ਦੇ ਗੰਭੀਰ ਦੋਸ਼ ਲਗਾਏ, ਜਿਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਿਧਾਇਕ ਸਦਨ ਦੇ ਵਿਚਕਾਰ ਇਕੱਠੇ ਹੋ ਗਏ ਅਤੇ ਟਕਰਾਅ ਵਾਲੀ ਸਥਿਤੀ ਬਣ ਗਈ। ਅਖੀਰ ਸਪੀਕਰ ਨੇ ਦਖਲ ਦਿੰਦਿਆਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਬਿਠਾਇਆ।




