ਪੀ ਆਰ ਟੀ ਸੀ ਕਾਮਿਆਂ ਤੇ ਪੈਨਸ਼ਨਰਾਂ ਵੱਲੋਂ ਭਰਵੀਂ ਰੋਸ ਰੈਲੀ

0
16

ਪਟਿਆਲਾ (ਰਾਜਿੰਦਰ ਸਿੰਘ ਥਿੰਦ)-ਮੰਗਲਵਾਰ ਇੱਥੇ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਬਸ ਸਟੈਂਡ ਪਟਿਆਲਾ ’ਤੇ ਭਰਵੀਂ ਰੋਸ ਰੈਲੀ ਕੀਤੀ ਗਈ, ਕਿਉਕਿ ਇਸ ਮਹੀਨੇ ਦੀ 11 ਤਰੀਕ ਹੋਣ ’ਤੇ ਵੀ ਅਜੇ ਤੱਕ ਨਾ ਹੀ ਵਰਕਰਾਂ ਨੂੰ ਤਨਖਾਹ ਮਿਲੀ ਹੈ, ਨਾ ਹੀ ਸੇਵਾ-ਮੁਕਤ ਕਰਮਚਾਰੀਆ ਨੂੰ ਪੈਨਸ਼ਨ ਹੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲਗਭਗ 2 ਸਾਲ ਤੋਂ ਸੇਵਾ-ਮੁਕਤ ਹੋਏ ਕਰਮਚਾਰੀਆਂ ਨੂੰ ਉਨ੍ਹਾਂ ਦੇ ਸੇਵਾ-ਮੁਕਤੀ ਬਕਾਏ ਨਹੀਂ ਦਿੱਤੇ ਜਾ ਰਹੇ, ਅਨੇਕਾਂ ਕਿਸਮ ਦੇ ਹੋਰ ਏਰੀਅਰ, ਪੇ ਕਮਿਸ਼ਨ ਦਾ ਏਰੀਅਰ ਅਤੇ ਮੈਡੀਕਲ ਬਿੱਲਾਂ ਆਦਿ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਵਰਕਰਾਂ ਦੇ ਲਗਭਗ 125 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਪੀ ਆਰ ਟੀ ਸੀ ਵੱਲ ਖੜੇ ਹਨ, ਪਰ ਮੈਨੇਜਮੈਂਟ ਕੋਈ ਜਤਨ ਨਹੀਂ ਕਰ ਰਹੀ ਕਿ ਵਰਕਰਾਂ ਦੀ ਹੱਕ-ਹਲਾਲ ਦੀ ਕਾਨੂੰਨੀ ਕਮਾਈ ਦੇ ਪੈਸੇ ਦਿੱਤੇ ਜਾਣ।
ਰੈਲੀ ਨੂੰ ਸੰਬੋਧਨ ਕਰਦਿਆਂ ਸੇਵਾ-ਮੁਕਤ ਕਰਮਚਾਰੀਆਂ ਦੀ ਜਥੇਬੰਦੀ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਅਦਾਰਾ ਪੀ ਆਰ ਟੀ ਸੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕੀਤਾ ਹੋਇਆ ਹੈ, ਸਰਕਾਰ ਵੱਲੋਂ ਇੱਕ ਵੀ ਨਹੀਂ ਬੱਸ ਨਹੀਂ ਪੈਣ ਦਿੱਤੀ ਗਈ, ਜਦੋਂ ਕਿ ਸਰਕਾਰ ਨੇ ਬੱਸਾਂ ਦੀ ਖਰੀਦ ਲਈ ਕੋਈ ਪੈਸਾ ਵੀ ਨਹੀਂ ਦੇਣਾ ਸੀ, ਮਹਿਕਮੇ ਨੇ ਆਪ ਹੀ ਬੈਂਕ ਤੋਂ ਕਰਜ਼ਾ ਲੈ ਕੇ ਬੱਸਾਂ ਪਾਉਣੀਆਂ ਹੁੰਦੀਆਂ ਹਨ। ਨਾ ਹੀ ਇਹ ਸਰਕਾਰ ਮੁਫਤ ਸਫਰ ਸਹੂਲਤਾਂ ਬਦਲੇ ਪੀ ਆਰ ਟੀ ਸੀ ਦੇ ਬਣਦੇ ਪੈਸੇ ਦੇ ਰਹੀ ਹੈ, ਜਦ ਕਿ ਸਰਕਾਰ ਵੱਲ ਲੱਗਭੱਗ 600 ਕਰੋੜ ਰੁਪਏ ਦੀ ਰਕਮ ਖੜੀ ਹੈ।
ਸਰਕਾਰੀ ਮੁਫ਼ਤ ਸਫਰ ਸਹੂਲਤਾਂ ਦਾ ਖਮਿਆਜ਼ਾ ਪੀ ਆਰ ਟੀ ਸੀ ਦੇ ਮੌਜੂਦਾ ਅਤੇ ਸੇਵਾ-ਮੁਕਤ ਕਰਮਚਾਰੀ ਭੁਗਤ ਰਹੇ ਹਨ।
ਸਾਲ 202627 ਦੇ ਬਜਟ ਵਿੱਚ ਮੁਫ਼ਤ ਸਫਰ ਲਈ ਸਰਕਾਰ ਨੇ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਲਈ ਸਿਰਫ 600 ਕਰੋੜ ਰੁਪਏ ਰੱਖੇ ਹਨ, ਜਦ ਕਿ ਇਹ ਰਕਮ ਘੱਟੋਘੱਟ 1100 ਕਰੋੜ ਰੁਪਏ ਰੱਖੀ ਜਾਣੀ ਚਾਹੀਦੀ ਸੀ ਅਤੇ ਦੋਨਾਂ ਅਦਾਰਿਆਂ ਦਾ ਪਿਛਲਾ ਪੈਸਾ ਜਿਹੜਾ 1000 ਕਰੋੜ ਰੁਪਏ ਤੋਂ ਵੀ ਵੱਧ ਹੈ, ਉਹ ਵੀ ਦਿੱਤਾ ਜਾਣਾ ਚਾਹੀਦਾ ਸੀ।
ਸਪੱਸ਼ਟ ਹੈ ਕਿ ਵਰਕਰਾਂ ਲਈ ਹੁਣ ਤਨਖਾਹਪੈਨਸ਼ਨ ਅਤੇ ਹੋਰ ਬਕਾਇਆਂ ਦੀ ਅਦਾਇਗੀ ਦਾ ਸੰਕਟ ਗੰਭੀਰ ਬਣੇਗਾ। ਸਰਕਾਰ ਨੇ ਇੱਕ ਹੋਰ ਮਾੜਾ ਕੰਮ ਇਹ ਕੀਤਾ ਹੈ ਕਿ ਪੈਨਸ਼ਨਾਂ ਦੀ ਅਦਾਇਗੀ ਲਈ ਹਰ ਮਹੀਨੇ 6.25 ਕਰੋੜ ਰੁਪਏ ਜੋ ਦਿੱਤੇ ਜਾਂਦੇ ਸਨ, ਉਹ ਵੀ ਬੰਦ ਕਰ ਦਿੱਤੇ ਗਏ ਹਨ। ਇਸ ਸਭ ਕੁਝ ਦੇ ਸਿੱਟੇ ਵਜੋਂ ਵਰਕਰਾਂ ਵਿੱਚ ਦਿਨੋਂਦਿਨ ਰੋਸ ਅਤੇ ਬੇਵਿਸ਼ਵਾਸੀ ਵਧਦੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਇਹ ਮਸਲੇ ਇੱਕ ਸਖਤ ਸੰਘਰਸ਼ ਦਾ ਕਾਰਨ ਬਣਨਗੇ।
ਰੈਲੀ ਨੂੰ ਧਾਲੀਵਾਲ ਤੋਂ ਇਲਾਵਾ ਸੁਖਦੇਵ ਰਾਮ ਸੁੱਖੀ, ਗੁਰਵਿੰਦਰ ਸਿੰਘ ਗੋਲਡੀ, ਰਮੇਸ਼ ਕੁਮਾਰ, ਉਤਮ ਸਿੰਘ ਬਾਗੜੀ ਅਤੇ ਰਾਮ ਸਰੂਪ ਅਗਰਵਾਲ ਨੇ ਵੀ ਸੰਬੋਧਨ ਕੀਤਾ।