ਬਾਬਾ ਸ਼ੇਰ ਸਿੰਘ ਵੇੲੀਂਪੂੰਈਂ ਨੇ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲਈ ਤੇ ਮੋਦੀ ਵਰਗੇ ਸਾਮਰਾਜ ਅੱਗੇ ਗੋਡੇ ਟੇਕ ਰਹੇ : ਅਰਸ਼ੀ

0
13

ਵੇਈਂਪੰੂਈਂ/ਖਡੂਰ ਸਾਹਿਬ :ਹਰ ਸਾਲ ਦੀ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਅਤੇ ਦੇਸ਼ ਭਗਤ ਬਾਬਾ ਸ਼ੇਰ ਸਿੰਘ ਵੇੲੀਂਪੂੰਈਂ ਦੇ ਪਰਵਾਰ ਵੱਲੋ ਉਹਨਾ ਦੀ ਬਰਸੀ ਪਿੰਡ ਵਿਖੇ ਪੂਰੇ ਇਨਕਲਾਬੀ ਉਤਸ਼ਾਹ ਨਾਲ ਭਗਵੰਤ ਸਿੰਘ, ਘੁਕ ਸਿੰਘ ਵੇੲੀਂਪੂੰਈਂ ਤੇ ਮੇਜਰ ਸਿੰਘ ਦਾਰਾਪੁਰ ਦੀ ਪ੍ਰਧਾਨਗੀ ਹੇਠ ਮਨਾਈ ਗਈ।ਇਸ ਮੌਕੇ ਉਚੇਚੇ ਤੌਰ ’ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਅਸੈਂਬਲੀ ਗਰੁੱਪ ਆਗੂ ਹਰਦੇਵ ਸਿੰਘ ਅਰਸ਼ੀ ਅਤੇ ਪੰਜਾਬ ਇਸਤਰੀ ਸਭਾ ਦੇ ਸੂਬਾਈ ਪ੍ਰਧਾਨ ਰਜਿੰਦਰ ਪਾਲ ਕੌਰ ਪਹੁੰਚੇ। ਇਸ ਮਹਾਨ ਗਦਰੀ ਯੋਧੇ ਨੂੰ ਯਾਦ ਕਰਨ ਲਈ ਇਕੱਤਰ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਨੇ ਕਿਹਾ ਕਿ ਗਦਰੀ ਯੋਧੇ ਦੇਸ਼ ਵਿੱਚ ਇਨਕਲਾਬੀ ਤਬਦੀਲੀ ਚਾਹੁੰਦੇ ਸਨ, ਤਾਂ ਜੋ ਇੱਥੋਂ ਦੀ ਮਿਹਨਤਕਸ਼ ਜਨਤਾ ਨੂੰ ਪੂਰਾ ਨਿਆਂ ਮਿਲ ਸਕੇ। ਦੇਸ਼ ਵਿੱਚ ਗਰੀਬ-ਅਮੀਰ ਵਿੱਚ ਪਾੜਾ ਨਾ ਹੋਵੇ ਅਤੇ ਹਰ ਇੱਕ ਨੂੰ ਖੁਸ਼ਹਾਲ ਬਚਪਨ, ਮੁਫਤ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੀ ਗਰੰਟੀ ਹੋਵੇ ਅਤੇ ਸਮਾਜ ਵਿੱਚ ਗੈਰ-ਮੁਥਾਜ਼ੀ ਦੇ ਹੁੰਦਿਆਂ ਦੇਸ਼ ਦੇ ਨੌਜਵਾਨ ਭਟਕ ਨਾ ਜਾਣ, ਪਰ ਹੋਇਆ ਇਸ ਦੇ ਉਲਟ ਕਿ ਸਮੇਂ ਦੇ ਹਾਕਮਾਂ ਨੇ ਇਹਨਾਂ ਦੇਸ਼ ਭਗਤ ਯੋਧਿਆਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕੀਤਾ।ਅੱਜ ਵੀ ਨਾ ਬਰਾਬਰੀ ਸਿਖਰਾਂ ’ਤੇ ਹੈ।ਕਾਮੇ ਕਿਰਤੀਆਂ ਨੂੰ ਉਹਨਾਂ ਦੀ ਮਿਹਨਤ ਦਾ ਅੱਧਾ ਮੁੱਲ ਵੀ ਨਹੀਂ ਮਿਲਦਾ। ਅੱਜ ਦੇ ਹਾਲਾਤ ਵਿੱਚ ਕਾਰਪੋਰੇਟ ਘਰਾਣੇ ਮਿਹਨਤਕਸ਼ਾਂ ਦੁਆਰਾ ਕਮਾਈ ਅਥਾਹ ਦੌਲਤ ਨੂੰ ਹੜੱਪੀ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਦਾ ਥਾਣੇਦਾਰ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਅੱਜ ਦੁਨੀਆ ਨੂੰ ਜੰਗ ਦੀ ਭੱਠੀ ਵਿੱਚ ਝੋਕ ਰਿਹਾ ਹੈ ਅਤੇ ਦੂਸਰੇ ਦੇਸ਼ਾਂ ਦੀ ਦੌਲਤ ਖੋਹਣ ਲਈ ਉਹਨਾਂ ’ਤੇ ਹਮਲੇ ਕਰ ਰਿਹਾ ਹੈ।
ਸਾਡੇ ਦੇਸ਼ ਦੀ ਭਾਜਪਾ ਸਰਕਾਰ ਅਤੇ ਉਸ ਦਾ ਪ੍ਰਧਾਨ ਮੰਤਰੀ ਮੋਦੀ ਟਰੰਪ ਤੋਂ ਡਰਦਿਆਂ ਉੱਚੀ ਸਾਹ ਨਹੀਂ ਲੈ ਰਿਹਾ, ਇਹ ਬੜੀ ਸ਼ਰਮ ਵਾਲੀ ਗੱਲ ਹੈ। ਇਹ ਯਾਦ ਕਰਨਾ ਬਣਦਾ ਹੈ ਕਿ ਇੱਕ ਪਾਸੇ ਸਾਮਰਾਜ ਦੇ ਵਿਰੁੱਧ ਬਾਬਾ ਸ਼ੇਰ ਸਿੰਘ ਵੇੲੀਂਪੂੰਈਂ ਵਰਗੇ ਯੋਧਿਆਂ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਉਸ ਵਕਤ ਦੇ ਅੰਗਰੇਜ਼ ਹਾਕਮਾਂ ਨਾਲ ਸਿੱਧੀ ਟੱਕਰ ਲਈ, ਦੂਜੇ ਪਾਸੇ ਅੱਜ ਮੋਦੀ ਵਰਗੇ ਉਸੇ ਸਾਮਰਾਜ ਅੱਗੇ ਗੋਡੇ ਟੇਕ ਰਹੇ ਹਨ।ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਾਬਾ ਸ਼ੇਰ ਸਿੰਘ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਇਸ ਦੇਸ਼ ਵਿੱਚ ਸਮਾਜਵਾਦੀ ਰਾਜ ਪ੍ਰਬੰਧ ਕਾਇਮ ਕਰਨ ਲਈ ਸੰਘਰਸ਼ ਕਰੀਏ।
ਪੰਜਾਬ ਇਸਤਰੀ ਸਭਾ ਦੀੇ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਸਮੁੱਚੇ ਗਦਰੀ ਯੋਧੇ ਅਤੇ ਬਾਬਾ ਸ਼ੇਰ ਸਿੰਘ ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ। ਉਹ ਸਮਝਦੇ ਸਨ ਕਿ ਔਰਤਾਂ ਨੂੰ ਵੀ ਬਰਾਬਰ ਦੇ ਹੱਕ ਚਾਹੀਦੇ ਹਨ। ਇਸ ਕਰਕੇ ਜ਼ਰੂਰੀ ਬਣ ਜਾਂਦਾ ਹੈ ਕਿ ਅੱਜ ਦੇਸ਼ ਦੀ ਹਰ ਬੱਚੀ ਲਈ ਸਮੁੱਚੀ ਸਿੱਖਿਆ ਤੇ ਸਿਹਤ ਲਾਜ਼ਮੀ ਹੋਵੇ ਅਤੇ ਉਹਦੇ ਰੁਜ਼ਗਾਰ ਦੀ ਗਰੰਟੀ ਹੋਵੇ।ਅਗਰ ਔਰਤ ਬਾ-ਰੁਜ਼ਗਾਰ ਹੁੰਦੀ ਹੈ ਤਾਂ ਉਸ ਦਾ ਸਮੁੱਚਾ ਪਰਵਾਰ ਖੁਸ਼ਹਾਲ ਬਣਦਾ ਹੈ । ਇਸ ਕਰਕੇ ਹਰ ਔਰਤ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਦੇ ਮੈਦਾਨ ਮੱਲੇ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗ਼ਦਰੀ ਬਾਬਿਆਂ ਦਾ ਇਤਿਹਾਸ ਹਰ ਇੱਕ ਨੂੰ ਪੜ੍ਹਨਾ ਚਾਹੀਦਾ ਹੈ।ਉਹਨਾ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਾਈ ਸੀ।
ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਟਰੰਪ-ਮੋਦੀ ਸਮਝੌਤਾ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦੇਵੇਗਾ।ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਬਿਜਲੀ ਬਿੱਲ 2025 ਸਮੁੱਚੇ ਬਿਜਲੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦੇਵੇਗਾ। ਇਸ ਲਈ ਕਿਸਾਨ-ਮਜ਼ਦੂਰ ਸਾਂਝੇ ਸੰਘਰਸ਼ ਹੋਣੇ ਸਮੇਂ ਦੀ ਲੋੜ ਹੈ।
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਤਰਨ ਤਾਰਨ ਦੇ ਐਕਟਿੰਗ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਅੱਜ ਮਜ਼ਦੂਰਾਂ ਦੀ ਲੁੱਟ ਸਭ ਤੋਂ ਵੱਧ ਹੋ ਰਹੀ ਹੈ, ਮਜ਼ਦੂਰ ਰਾਤ-ਦਿਨ ਹੱਡ-ਭੰਨਵੀਂ ਮਿਹਨਤ ਕਰਦੇ ਹਨ, ਪਰ ਉਹਨਾਂ ਨੂੰ ਸੁਖੀ ਜੀਵਨ ਬਤੀਤ ਨਹੀਂ ਹੁੰਦਾ। ਨਸ਼ਿਆਂ ਨੇ ਸਾਡੇ ਇਲਾਕੇ ਦੀ ਮੱਤ ਮਾਰ ਦਿੱਤੀ ਹੈ। ਸਮੇਂ ਦੀਆਂ ਸਰਕਾਰਾਂ ਲਾਪਰਵਾਹ ਹਨ, ਇਸ ਕਰਕੇ ਲੋੜ ਹੈ ਕਿ ਮਜ਼ਦੂਰ-ਕਿਸਾਨ ਅਤੇ ਹੋਰ ਮਿਹਨਤਕਸ਼ ਲੋਕ ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੀ ਪੀ ਆਈ ਬਲਾਕ ਖਡੂਰ ਸਾਹਿਬ ਦੇ ਸਕੱਤਰ ਬਲਜੀਤ ਸਿੰਘ ਫਤਿਹਾਬਾਦ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸ਼ੇਰ ਸਿੰਘ ਦਾ ਦੋਹਤਾ ਮਨਿੰਦਰ ਸਿੰਘ ਮੰਨਾ, ਹਰਪਾਲ ਸਿੰਘ ਸੰਧਾਵਾਲੀਆ ਰਿਟਾਇਰ ਡੀ ਈ ਓ, ਗੁਰਚਰਨ ਸਿੰਘ ਕੰਡਾ ਫਤਿਹਾਬਾਦ, ਜਤਿੰਦਰ ਕੁਮਾਰ, ਸੁਖਵਿੰਦਰ ਕੁਮਾਰ ਮੁਗਲਾਣੀ, ਬਾਬਾ ਮਹਿੰਦਰ ਸਿੰਘ ਵੇਈਂਪੂੰਈਂ, ਜਗਤਾਰ ਸਿੰਘ ਖਡੂਰ ਸਾਹਿਬ, ਸੰਤੋਖ ਕੌਰ ਵੇਈਂਪੂੰਈਂ ਅਤੇ ਜਸਵੰਤ ਸਿੰਘ ਖਡੂਰ ਸਾਹਿਬ ਹਾਜ਼ਰ ਸਨ।