ਨਵੀਂ ਦਿੱਲੀ : ਭਾਰਤ ਵਿਚ ਦਰਦਾਂ ਦੇ ਪਹਿਲੀ ਵਾਰ ਕੀਤੇ ਗਏ ਸਰਵੇ ’ਚ ਸਾਹਮਣੇ ਆਇਆ ਹੈ ਕਿ 45 ਸਾਲ ਜਾਂ ਇਸ ਤੋਂ ਉਪਰਲੇ ਤਿੰਨ ਭਾਰਤੀਆਂ ਵਿੱਚੋਂ ਇਕ ਜਿਸਮਾਨੀ ਦਰਦ ਦਾ ਸ਼ਿਕਾਰ ਹੈ। ਪੱਛਮੀ ਬੰਗਾਲ ਵਿਚ ਗਿਣਤੀ ਸਭ ਤੋਂ ਵੱਧ ਹੈ। ਦੇਸ਼ ਵਿਚ 45 ਪਲੱਸ ਉਮਰ ਗਰੁੱਪ ਦੇ ਔਸਤਨ 37 ਫੀਸਦੀ ਲੋਕ ਕਿਸੇ ਨਾ ਕਿਸੇ ਦਰਦ ਵਿੱਚੋਂ ਲੰਘ ਰਹੇ ਹਨ। ਇਨ੍ਹਾਂ ਵਿੱਚੋਂ ਕਰੀਬ 15 ਫੀਸਦੀ ਹਫਤੇ ਵਿੱਚ ਪੰਜ ਜਾਂ ਇਸ ਤੋਂ ਵੱਧ ਦਿਨ ਕਰਾਹੁੰਦੇ ਗੁਜ਼ਾਰਦੇ ਹਨ। ‘ਪੇਨ’ ਨਾਂਅ ਦੇ ਖੋਜ ਰਸਾਲੇ ਵਿਚ ਛਪੇ ਅਧਿਐਨ ਮੁਤਾਬਕ ਮਿਜ਼ੋਰਮ, ਆਂਧਰਾ ਤੇ ਹਰਿਆਣਾ ਵਿਚ ਦਰਦ-ਮਾਰਿਆਂ ਦੀ ਗਿਣਤੀ ਸਭ ਤੋਂ ਘੱਟ ਪਾਈ ਗਈ ਹੈ, ਜਦਕਿ ਪੱਛਮੀ ਬੰਗਾਲ, ਝਾਰਖੰਡ, ਪੁੱਡੂਚੇਰੀ, ਓਡੀਸ਼ਾ ਤੇ ਨਾਗਾਲੈਂਡ ’ਚ ਸਭ ਤੋਂ ਵੱਧ। ਜਿਹੜੇ ਲੋਕਾਂ ਨੂੰ ਦਰਦਾਂ ਕਾਰਨ ਆਪਣੀਆਂ ਰੋਜ਼ਾਨਾ ਦੀਆਂ ਸਰਗਰਮੀਆਂ ਘਟਾਉਣੀਆਂ ਪੈਂਦੀਆਂ ਹਨ, ਉਨ੍ਹਾਂ ਦਾ ਪ੍ਰਤੀਸ਼ਤ ਮਿਜ਼ੋਰਮ ਵਿਚ 2.6 ਤੋਂ ਲੈ ਕੇ ਕੇਰਲਾ ਵਿਚ 22 ਤੇ ਬੰਗਾਲ ਵਿਚ ਕਰੀਬ 40 ਹੈ। ਅਧਿਐਨ ਕਰਨ ਵਾਲੀ ਟੀਮ ਦੇ ਆਗੂ ਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਟੱਡੀਜ਼ ਮੁੰਬਈ ਦੇ ਪ੍ਰੋੋਫੈਸਰ ਸੰਜੇ ਮੋਹੰਤੀ ਦਾ ਕਹਿਣਾ ਹੈਦਰਦਾਂ ਕਾਰਨ ਵਿਅਕਤੀ ਦਾ ਬੁਰਾ ਹਾਲ ਤਾਂ ਹੁੰਦਾ ਹੀ ਹੈ, ਇਸ ਦਾ ਘਰ ਤੇ ਦੇਸ਼ ਦੇ ਅਰਥਚਾਰੇ ’ਤੇ ਵੀ ਅਸਰ ਪੈਂਦਾ ਹੈ, ਪਰ ਜਨਤਕ ਸਿਹਤ ਮਹਿਕਮੇ ਦਾ ਇਸ ਵੱਲ ਬਹੁਤ ਧਿਆਨ ਨਹੀਂ ਗਿਆ ਤੇ ਨਾ ਹੀ ਇਸ ਬਾਰੇ ਖਾਸ ਖੋਜ ਹੋਈ ਹੈ।ਮੋਹੰਤੀ ਅਤੇ ਹਾਲੈਂਡ ਤੇ ਸਵਿਟਜ਼ਰਲੈਂਡ ਵਿਚਲੇ ਉਨ੍ਹਾ ਦੇ ਸਾਥੀ ਖੋਜੀਆਂ ਨੇ ਹੁਣ ਅਧਿਐਨ ਕੀਤਾ ਹੈ ਕਿ ਭਾਰਤ ਵਿਚ ਕਿੰਨੇ ਲੋਕ ਦਰਦਾਂ ਦੇ ਸ਼ਿਕਾਰ ਹਨ, ਕਿੰਨਿਆਂ ਨੂੰ ਰੋਜ਼ਾਨਾ ਸਰਗਰਮੀਆਂ ਘਟਾਉਣੀਆਂ ਪੈਂਦੀਆਂ ਹਨ ਤੇ ਕਿੰਨੇ ਇਲਾਜ ਕਰਵਾ ਰਹੇ ਹਨ। ਪੱਛਮੀ ਬੰਗਾਲ ਵਿਚ 46.2 ਫੀਸਦੀ ਲੋਕ ਦਰਦਾਂ ਦੇ ਸ਼ਿਕਾਰ ਹਨ ਤੇ ਉਨ੍ਹਾਂ ਵਿੱਚੋਂ 39.8 ਫੀਸਦੀ ਸਾਰਾ ਦਿਨ ਦਬੱਲ ਕੇ ਕੰਮ ਨਹੀਂ ਕਰ ਸਕਦੇ। ਕਰੀਬ 64 ਫੀਸਦੀ ਲੋਕ ਦਵਾਈਆਂ ਖਾ ਰਹੇ ਹਨ। ਪ੍ਰੋਫੈਸਰ ਮੋਹੰਤੀ ਦਾ ਕਹਿਣ ਹੈ ਕਿ ਇਸ ਵੇਲੇ ਬਹੁਤ ਘੱਟ ਜਾਣਕਾਰੀ ਹੈ ਕਿ ਦਰਦ ਕਾਰਨ ਲੋਕਾਂ ਦਾ ਇਲਾਜ ’ਤੇ ਕਿੰਨਾ ਖਰਚਾ ਹੋ ਰਿਹਾ ਹੈ ਤੇ ਪੂਰਾ ਸਮਾਂ ਕੰਮ ਨਾ ਕਰਨ ਕਰਕੇ ਅਰਥਚਾਰੇ ’ਤੇ ਕਿੰਨਾ ਅਸਰ ਪੈਂਦਾ ਹੈ। ਨਵੀਂ ਰਿਪੋਰਟ 63900 ਲੋਕਾਂ ਦੇ ਹੁੰਗਾਰੇ ਨਾਲ ਤਿਆਰ ਕੀਤੀ ਗਈ ਹੈ। ਅਧਿਐਨ ਵਿਚ ਸਾਹਮਣੇ ਆਇਆ ਹੈ ਕਿ 45 ਪਲੱਸ ਵਾਲੇ 15 ਫੀਸਦੀ ਉਹ ਹਨ, ਜਿਨ੍ਹਾਂ ਨੂੰ ਹਫਤੇ ਵਿਚ ਪੰਜ ਜਾਂ ਉਸ ਤੋਂ ਵੱਧ ਦਿਨ ਦਰਦਾਂ ਹੁੰਦੀਆਂ ਹਨ, 13 ਫੀਸਦੀ ਨੂੰ ਤਿੰਨ ਜਾਂ ਚਾਰ ਦਿਨ ਅਤੇ 9 ਫੀਸਦੀ ਨੂੰ ਇਕ ਜਾਂ ਦੋ ਦਿਨ ਦਰਦਾਂ ਹੁੰਦੀਆਂ ਹਨ। ਮੋਹੰਤੀ ਨੇ ਕਿਹਾ ਕਿ ਉਨ੍ਹਾਂ ਦਰਦ ਦੇ ਕਾਰਨਾਂ ਦਾ ਪਤਾ ਨਹੀਂ ਲਾਇਆ। ਕਾਰਨਾਂ, ਖਰਚ ਅਤੇ ਜ਼ਿੰਦਗੀ ਤੇ ਘਰ ਦੀ ਹਾਲਤ ਉੱਤੇ ਪੈਣ ਵਾਲੇ ਅਸਰ ’ਤੇ ਭਵਿੱਖ ਵਿਚ ਖੋਜ ਕੀਤੀ ਜਾ ਸਕਦੀ ਹੈ। ਪ੍ਰੋਫੈਸਰ ਮੋਹੰਤੀ ਨੇ ਕਿਹਾ ਕਿ ਦਰਦ ਸਹਿੰਦੇ ਕਰੀਬ 73 ਫੀਸਦੀ ਲੋਕ ਕੋਈ ਨਾ ਕੋਈ ਇਲਾਜ ਕਰਦੇ/ ਕਰਾਉਦੇ ਹਨ। ਇਨ੍ਹਾਂ ਵਿੱਚੋਂ ਕਰੀਬ 40 ਫੀਸਦੀ ਮੂੰਹ ਰਾਹੀਂ ਜਾਂ ਟੀਕਿਆਂ ਦੀ ਸ਼ਕਲ ਵਿਚ ਦਵਾਈ ਲੈਂਦੇ ਹਨ। ਕਰੀਬ 40 ਫੀਸਦੀ ਕੰਮ ਵਾਲੀ ਥਾਂ ਦਰਦ ਦੀਆਂ ਗੋਲੀਆਂ (ਪੇਨਕਿਲਰ) ਲੈਂਦੇ ਹਨ ਅਤੇ ਬਾਕੀ ਫਿਜ਼ੀਓਥੈਰੇਪੀ ਜਾਂ ਸਾਈਕੋਥੈਰੇਪੀ ਕਰਾਉਦੇ ਹਨ। ਇਲਾਜ ਦਾ ਪ੍ਰਤੀਸ਼ਤ ਵੀ ਵੱਖ-ਵੱਖ ਰਾਜਾਂ ਵਿਚ ਵੱਖਰਾ ਹੈ। ਮਿਜ਼ੋਰਮ ਵਿਚ ਸਿਰਫ ਸਾਢੇ 10 ਫੀਸਦੀ ਲੋਕ ਇਲਾਜ ਕਰਵਾ ਰਹੇ ਹਨ, ਜਦਕਿ ਕੇਰਲਾ ਵਿਚ 76 ਫੀਸਦੀ ਅਤੇ ਗੋਆ, ਲਕਸ਼ਦੀਪ, ਮਹਾਰਾਸ਼ਟਰ, ਪੁਡੂਚੇਰੀ, ਤਿਲੰਗਾਨਾ ਤੇ ਤਾਮਿਲਨਾਡੂ ਵਿਚ 85 ਫੀਸਦੀ ਜਾਂ ਇਸ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ।




