ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਾਹਲੀ ’ਚ ਨਹੀਂ : ਚੀਮਾ

0
15

ਚੰਡੀਗੜ੍ਹ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਵਿਧਾਨ ਸਭਾ ਵਿੱਚ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਾਰੇ ਫੈਸਲਾ ਕਾਹਲ ’ਚ ਨਹੀਂ ਲਿਆ ਜਾਵੇਗਾ। ਉਨ੍ਹਾ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਾਲੇ ਛੱਤੀਸਗੜ੍ਹ ਨੇ ਇਹ ਸਕੀਮ ਵਾਪਸ ਲੈ ਲਈ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਤੀ ਤੌਰ ’ਤੇ ਮਾੜੀ ਹਾਲਤ ’ਚ ਹਨ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸੰਬੰਧੀ ਮੁੱਖ ਸਕੱਤਰ ਅਤੇ ਉਨ੍ਹਾ ਦੀ ਅਗਵਾਈ ’ਚ ਕਮੇਟੀ ਬਣੀ ਹੈ ਅਤੇ ਇਹ ਕਮੇਟੀ ਸੋਚ ਵਿਚਾਰ ਕਰਨ ਮਗਰੋਂ ਹੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਫੈਸਲਾ ਲਵੇਗੀ ਤਾਂ ਜੋ ਸੂਬਾ ਗਲਤ ਰਾਹ ’ਤੇ ਨਾ ਪਵੇ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ ਬਾਰੇ ਚੀਮਾ ਨੇ ਕਿਹਾ ਕਿ 1 ਜਨਵਰੀ 2016 ਤੋਂ 30 ਜੂਨ 2021 ਤੱਕ ਡੀ ਏ ਦੇ ਪੁਰਾਣੇ 14191 ਕਰੋੜ ਦੇ ਬਕਾਇਆ ਬਾਰੇ ਪਲਾਨ ਬਣਾ ਕੇ ਹਾਈ ਕੋਰਟ ’ਚ ਸੂਬਾ ਸਰਕਾਰ ਨੇ ਦਿੱਤਾ ਹੋਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ 75 ਸਾਲ ਤੋਂ ਉਪਰ ਦੇ ਪੈਨਸ਼ਨਰਾਂ ਦੇ ਬਕਾਏ ਸੌ ਫੀਸਦੀ ਕਲੀਅਰ ਕਰ ਦਿੱਤੇ ਗਏ ਹਨ ਅਤੇ ਬਾਕੀ ਆਗਾਮੀ ਪਹਿਲੀ ਅਪਰੈਲ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੈਸਾ ਮਿਲਣਾ ਸ਼ੁਰੂ ਹੋ ਜਾਵੇਗਾ।