ਦੀਨਾਨਗਰ (ਸਰਬਜੀਤ ਸਾਗਰ)
ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੀ ਪੀ ਆਈ ਦੇ ਜ਼ਿਲ੍ਹਾ ਕੌਂਸਲ ਮੈਂਬਰ ਐਡਵੋਕੇਟ ਵਰਿੰਦਰ ਸਿੰਘ ਗੋਰਾਇਆ ਨੂੰ ਬੁੱਧਵਾਰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਉਹ 2 ਮਾਰਚ ਨੂੰ ਅਚਾਨਕ ਬਿਮਾਰ ਹੋਣ ਕਾਰਨ 39 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ।
ਇਸ ਦੌਰਾਨ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੂਬਾ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਾਰਾਏ ਅਤੇ ਏਟਕ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ ਨੇ ਕਿਹਾ ਕਿ ਐਡਵੋਕੇਟ ਵਰਿੰਦਰ ਸਿੰਘ ਦਾ ਜਾਣਾ ਪਰਵਾਰ ਅਤੇ ਪਾਰਟੀ ਲਈ ਵੱਡਾ ਘਾਟਾ ਹੈ। ਉਨ੍ਹਾ ਕਿਹਾ ਕਿ ਵਰਿੰਦਰ ਸਿੰਘ ਆਪਣੇ ਦਾਦਾ ਮੁਜ਼ਾਰਾ ਲਹਿਰ ਦੇ ਵੱਡੇ ਆਗੂ ਗੁਰਦਿਆਲ ਸਿੰਘ ਕੱਤੋਵਾਲ ਅਤੇ ਆਪਣੇ ਪਿਤਾ ਕਾਮਰੇਡ ਬਲਬੀਰ ਸਿੰਘ ਕੱਤੋਵਾਲ ਦੇ ਪਦਚਿੰਨ੍ਹਾਂ ’ਤੇ ਚੱਲਦਾ ਹੋਇਆ ਖੱਬੀ ਧਿਰ ਦਾ ਝੰਡਾ ਬੁਲੰਦ ਕਰ ਰਿਹਾ ਸੀ। ਉਨ੍ਹਾ ਕਿਹਾ ਕਿ ਕਰੀਬ 25 ਸਾਲ ਦੀ ਉਮਰ ਵਿੱਚ ਜਦੋਂ ਵਰਿੰਦਰ ਸਿੰਘ ਨੇ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜੀ ਤਾਂ ਹਲਕੇ ਅੰਦਰ ਇੱਕ ਨੌਜਵਾਨ ਆਗੂ ਦੀ ਆਮਦ ਨੇ ਪਾਰਟੀ ਵਰਕਰਾਂ ’ਚ ਨਵਾਂ ਜ਼ੋਸ਼ ਭਰ ਦਿੱਤਾ ਅਤੇ ਪਾਰਟੀ ਉਸਨੂੰ ਦੂਰ ਤੱਕ ਜਾਣ ਵਾਲਾ ਭਵਿੱਖ ਦਾ ਵੱਡਾ ਲੀਡਰ ਮੰਨਣ ਲੱਗੀ, ਪਰ ਉਸ ਦੀ ਅਚਾਨਕ ਹੋਈ ਮੌਤ ਨੇ ਪਰਵਾਰ ਤੇ ਪਾਰਟੀ ਦੇ ਸੁਪਨਿਆਂ ਨੂੰ ਢਾਹ ਲਾ ਦਿੱਤੀ, ਜਿਸ ਦੀ ਪੂਰਤੀ ਕਰਨਾ ਮੁਸ਼ਕਲ ਹੈ।
ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਵਰਿੰਦਰ ਸਿੰਘ ਉਰਫ਼ ਵਿੱਕੀ ਸਰਬ ਭਾਰਤ ਨੌਜਵਾਨ ਸਭਾ ਵਿੱਚ ਕੰਮ ਕਰਕੇ ਨੌਜਵਾਨਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰ ਰਿਹਾ ਸੀ ਅਤੇ ਉਹ ਚਾਹੁੰਦਾ ਸੀ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ‘ਰੁਜ਼ਗਾਰ ਗਾਰੰਟੀ ਕਾਨੂੰਨ’ ਪਾਸ ਹੋਵੇ ਅਤੇ ਭਾਰਤ ਦੇ ਹਰੇਕ ਨੌਜਵਾਨ ਲਈ ਕੰਮ ਦੀ ਵਿਵਸਥਾ ਹੋਵੇ। ਉਨ੍ਹਾ ਕਿਹਾ ਕਿ ਉਸ ਦੀ ਲੜਾਈ ਲੋਕਾਈ ਨੂੰ ਖੁਸ਼ਹਾਲ ਬਣਾਉਣ ਵਾਸਤੇ ਸੀ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਬਸੰਤਕੋਟ, ਸੀ ਪੀ ਆਈ (ਐੱਮ) ਆਗੂ ਮੋਹਨ ਸਿੰਘ ਚੌਹਾਨ, ਕਿਸਾਨ ਆਗੂ ਸਤਬੀਰ ਸਿੰਘ ਸੁਲਤਾਨੀ, ਬੀ ਐੱਸ ਪੀ ਨੇਤਾ ਜੇ ਪੀ ਭਗਤ, ਇਕਬਾਲ ਸਿੰਘ ਵਾਲੀਆ, ਮਾਸਟਰ ਰਘਵੀਰ ਸਿੰਘ, ਰਘਵੀਰ ਸਿੰਘ ਕਲੀਜਪੁਰ ਅਤੇ ਬਲਬੀਰ ਸਿੰਘ ਰੰਧਾਵਾ ਨੇ ਵੀ ਵਰਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾ ਦੇ ਪਰਵਾਰ ਨਾਲ ਹਰੇਕ ਸੁੱਖ-ਦੁੱਖ ਦੀ ਘੜੀ ਵਿੱਚ ਖੜ੍ਹਣ ਦਾ ਭਰੋਸਾ ਦਿੱਤਾ। ਅੰਤ ਵਿੱਚ ਵਰਿੰਦਰ ਸਿੰਘ ਦੇ ਪਿਤਾ ਬਲਬੀਰ ਸਿੰਘ ਕੱਤੋਵਾਲ ਨੇ ਬੜੇ ਹੀ ਭਾਵੁਕ ਸ਼ਬਦਾਂ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਪੁੱਤਰ ਦੀ ਇੱਛਾ ਮੁਤਾਬਕ ਆਖ਼ਰੀ ਸਾਹਾਂ ਤੱਕ ਪਾਰਟੀ ਨਾਲ ਖੜ੍ਹਣ ਦਾ ਐਲਾਨ ਕੀਤਾ। ਉਨ੍ਹਾ ਕਿਹਾ ਕਿ ਪਰਵਾਰਕ ਰੁਝੇਵਿਆਂ ਕਾਰਨ ਉਹ ਪਾਰਟੀ ਤੋਂ ਪਿੱਛੇ ਹਟਣਾ ਚਾਹੁੰਦੇ ਸਨ, ਪਰ ਉਨ੍ਹਾ ਦਾ ਪੁੱਤਰ ਕਹਿੰਦਾ ਸੀ ਕਿ ਪਿਤਾ ਜੀ ਜੇਕਰ ਪਾਰਟੀ ਹੈ ਤਾਂ ਅਸੀਂ ਹਾਂ, ਇਸ ਲਈ ਪਾਰਟੀ ਨੂੰ ਕਦੇ ਛੱਡਣ ਬਾਰੇ ਸੋਚਿਓ ਨਾ।
ਬਲਬੀਰ ਸਿੰਘ ਦੀਆਂ ਇਹਨਾਂ ਗੱਲਾਂ ਨੇ ਸਭਨਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਦੌਰਾਨ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਮਾਇਆਧਾਰੀ ਸ਼ਰਮਾ ਸਮੇਤ ਹੋਰਨਾਂ ਜਥੇਬੰਦੀਆਂ ਦੇ ਸ਼ੋਕ ਸੁਨੇਹੇ ਵੀ ਪੜ੍ਹੇ ਗਏ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਭਾਸ਼ ਕੈਰੇ ਵੱਲੋਂ ਨਿਭਾਈ ਗਈ।
ਇਸ ਮੌਕੇ ਸੁਖਦੇਵ ਸਿੰਘ ਕਾਹਲੋਂ, ਸਤਬੀਰ ਸਿੰਘ ਸੁਲਤਾਨੀ, ਮੁਰਾਰੀ ਲਾਲ ਸ਼ਰਮਾ, ਹਰਚਰਨ ਸਿੰਘ ਔਜਲਾ, ਮੱਖਣ ਸਿੰਘ ਕੋਹਾੜ, ਦਰਸ਼ਨ ਆਹਲੂਵਾਲੀਆ, ਸ਼ਿਵ ਦੱਤ, ਬਲਬੀਰ ਸਿੰਘ ਮੱਲ੍ਹੀ, ਤਰਲੋਕ ਸਿੰਘ ਰਊਵਾਲ, ਜਸਵੀਰ ਸਿੰਘ ਕੱਤੋਵਾਲ, ਸੋਹਨ ਲਾਲ ਬੇਰੀਆਂ, ਪ੍ਰੀਤਮ ਸਿੰਘ ਬਿਆਨਪੁਰ, ਠਾਕੁਰ ਧਿਆਨ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ ਖਹਿਰਾ, ਤਿਰਲੋਕ ਸਿੰਘ ਬਹਿਰਾਮਪੁਰ, ਦਿਲਬਾਗ ਸਿੰਘ ਭਾਘੜ, ਸੁਖਦੇਵ ਸਿੰਘ ਊਧੋਵਾਲੀ, ਬਲਦੇਵ ਸਿੰਘ ਕਾਲਾ ਅਫ਼ਗਾਨਾ, ਰਣਜੀਤ ਸਿੰਘ ਡੋਗਰ, ਜਸਵੰਤ ਸਿੰਘ, ਸੁਰਿੰਦਰ ਸਿੰਘ ਪੈਰੋਸ਼ਾਹ, ਜੋਗਿੰਦਰ ਪਾਲ ਪਨਿਆੜ, ਮੇਹਰਬਾਨ ਸਿੰਘ ਕਲੀਜਪੁਰ, ਮਦਨ ਲਾਲ, ਓਂਕਾਰ ਸਿੰਘ, ਜਗਦੀਸ਼ ਠਾਕੁਰ, ਐਡਵੋਕੇਟ ਸ਼ੰਮੀ ਧਿਆਨਪੁਰ, ਨਿਰਮਲ ਸਿੰਘ, ਸਵਰਨ ਸਿੰਘ ਸੱਮੂ ਚੱਕ, ਅਮਰਜੀਤ ਸ਼ਾਸਤਰੀ, ਬਿੱਟੂ ਵਾਲੀਆ ਸਿੱਧਪੁਰ, ਗੁਰਚਰਨ ਵਾਲੀਆ, ਐਡਵੋਕੇਟ ਰਣਜੀਤ ਸਿੰਘ ਗੋਰਾਇਆ, ਐਡਵੋਕੇਟ ਸੁਖਜਿੰਦਰ ਸਿੰਘ ਹੈਪੀ, ਪ੍ਰਦੀਪ ਕੁਮਾਰ ਕੈਰੇ ਅਤੇ ਅਸ਼ੋਕ ਕੁਮਾਰ ਮੰਜ ਹਾਜ਼ਰ ਸਨ।





