ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਨਾਲ ਸੰਬੰਧਤ ਪਟੀਸ਼ਨ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਕਿ ਇਹ ਚੋਣ ਅਮਲ ’ਚ ‘ਅੜਿੱਕਾ’ ਹੋਵੇਗੀ ਅਤੇ ‘ਮੁਕੱਦਮੇਬਾਜ਼ੀ’ ਇੱਕ ਸ਼ੌਕ ਨਹੀਂ ਹੋ ਸਕਦੀ। ਉਹ ਪਿਛਲੇ ਸਾਲ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਇੱਕ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ।
ਪਟੀਸ਼ਨ ’ਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨ ਕੋਲ ਚੋਣ ਨਿਸ਼ਾਨ ਅਲਾਟ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਸ ਪਟੀਸ਼ਨ ਨੂੰ ਇਲਾਹਾਬਾਦ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਜਸਟਿਸ ਐੱਸ ਕੇ ਕੌਲ ਅਤੇ ਜਸਟਿਸ ਏ ਐੱਸ ਓਕਾ ਦੀ ਬੈਂਚ ਨੇ ਕਿਹਾ ਕਿ ਪਟੀਸ਼ਨਰ, ਜਿਹੜਾ ਕਿ ਇੱਕ ਵਕੀਲ ਹੈ, ਨੇ ਦਲੀਲ ਦਿੱਤੀ ਹੈ ਕਿ ਚੋਣ ਕਮਿਸ਼ਨ ਕੋਲ ਚੋਣ ਨਿਸ਼ਾਨ ਅਲਾਟ ਕਰਨ ਦੀ ਕੋਈ ਸ਼ਕਤੀ ਨਹੀਂ ਹੈ ਤੇ ਸਿਰਫ ਰਿਟਰਨਿੰਗ ਅਧਿਕਾਰੀ ਹੀ ਚੋਣ ਨਿਸ਼ਾਨ ਅਲਾਟ ਕਰ ਸਕਦਾ ਹੈ। ਬੈਂਚ ਨੇ ਕਿਹਾ-ਸਾਨੂੰ ਉਕਤ ਨਿਯਮਾਂ ਦੀ ਪੜਚੋਲ ਪੂਰੀ ਤਰ੍ਹਾਂ ਗਲਤ ਮਹਿਸੂਸ ਹੁੰਦੀ ਹੈ ਅਤੇ ਅਸਲ ’ਚ ਇਹ ਚੋਣ ਪ੍ਰਕਿਰਿਆ ’ਚ ਵਿਘਨ ਪਾਉਂਦੀ ਹੈ। ਸਾਨੂੰ ਲੱਗਦਾ ਹੈ ਕਿ ਇਹ ਨਿਆਂਇਕ ਸਮੇਂ ਦੀ ਪੂਰੀ ਬਰਬਾਦੀ ਹੈ।