ਲਖਨਊ : ਯੂ ਪੀ ਦੇ ਉਰਈਆ ਜ਼ਿਲ੍ਹੇ ਦੇ ਕਸਬਾ ਫਫੂੰਦ ਰੋਡ ਦੇ ਆਦਰਸ਼ ਇੰਟਰ ਕਾਲਜ ਵਿਚ ਟੀਚਰ ਦੀ ਕੁੱਟ ਦਾ ਸ਼ਿਕਾਰ ਹੋਏ ਦਸਵੀਂ ’ਚ ਪੜ੍ਹਦੇ ਪਿੰਡ ਵੈਸ਼ੋਲੀ ਦੇ ਦਲਿਤ ਨਿਖਿਤ ਕੁਮਾਰ (15) ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਅਠਾਰਵੇਂ ਦਿਨ ਦਮ ਤੋੜ ਦਿੱਤਾ। ਦੱਸਿਆ ਜਾਂਦਾ ਹੈ ਕਿ ਨਿਖਿਤ ਨੇ ਸਾਮਾਜਿਕ ਦੀ ਥਾਂ ਸਮਾਜਕ ਸ਼ਬਦ ਲਿਖ ਦਿੱਤਾ ਸੀ। ਸੋਮਵਾਰ ਸਕੂਲ ਬੰਦ ਕਰ ਦਿੱਤਾ ਗਿਆ, ਜਦਕਿ ਟੀਚਰ ਫਰਾਰ ਹੈ। ਪੁਲਸ ਨੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ। ਨਿਖਿਤ ਦੇ ਪਿਤਾ ਰਾਜੂ ਦੋਹਰੇ ਨੇ ਦੱਸਿਆ7 ਸਤੰਬਰ ਨੂੰ ਸਮਾਜਕ ਵਿਗਿਆਨ ਦੇ ਟੀਚਰ ਅਸ਼ਵਨੀ ਸਿੰਘ ਨੇ ਜਮਾਤ ਵਿਚ ਟੈੱਸਟ ਲਿਆ। ਬੇਟਾ ਪੜ੍ਹਾਈ ਵਿਚ ਠੀਕ ਸੀ, ਪਰ ਉਸ ਦਿਨ ਉਸ ਨੇ ਕੋਈ ਸ਼ਬਦ ਗਲਤ ਲਿਖ ਦਿੱਤਾ। ਟੀਚਰ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਲੱਤਾਂ, ਮੁੱਕਿਆਂ ਤੇ ਡੰਡਿਆਂ ਨਾਲ ਏਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਨਿਖਿਤ ਦੇ ਸਾਥੀ ਮੁੰਡੇ ਨੇ ਦੱਸਿਆ ਕਿ ਸਰ ਜੀ ਨੇ ਉਸ ਨੂੰ ਵੀ ਕੁੱਟਿਆ ਸੀ। ਉਸ ਦਿਨ ਤੋਂ ਬਾਅਦ ਉਹ ਸਕੂਲ ਨਹੀਂ ਗਿਆ। ਘਰ ਵੀ ਇਸ ਡਰੋਂ ਨਹੀਂ ਦੱਸਿਆ ਕਿ ਘਰ ਵਾਲੇ ਕੁੱਟਣਗੇ। ਡਰ ਕਾਰਨ ਉਸ ਦੀ ਤਬੀਅਤ ਵੀ ਖਰਾਬ ਹੋ ਗਈ।
ਰਾਜੂ ਦੋਹਰੇ ਨੇ ਦੱਸਿਆ ਕਿ ਜਦੋਂ ਉਹ ਸਕੂਲ ਗਏ ਤਾਂ ਉਨ੍ਹਾਂ ਨੂੰ ਪਹਿਲਾਂ ਧਮਕਾਇਆ ਗਿਆ। ਵਿਰੋਧ ਕਰਨ ’ਤੇ ਪਿ੍ਰੰਸੀਪਲ ਦੇ ਦਖਲ ਨਾਲ ਟੀਚਰ ਨੇ ਇਟਾਵਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਕਰਾਉਣ ਦੀ ਗੱਲ ਕਹੀ। ਉਥੇ 40 ਹਜ਼ਾਰ ਰੁਪਏ ਖਰਚ ਆਇਆ। ਜਦੋਂ ਉਥੇ ਮਾਮਲਾ ਨਹੀਂ ਸੰਭਲਿਆ ਤਾਂ ਡਾਕਟਰਾਂ ਨੇ ਦੋ ਦਿਨ ਪਹਿਲਾਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ। ਦੋਹਰੇ ਨੇ ਕਿਹਾਇਹ ਜਾਣਕਾਰੀ ਦੇਣ ਜਦ ਉਹ ਟੀਚਰ ਦੇ ਘਰ ਗਏ ਤਾਂ ਉਸ ਨੇ ਗਾਲ੍ਹਾਂ ਕੱਢ ਕੇ ਤੇ ਜਾਤੀਸੂਚਕ ਸ਼ਬਦ ਵਰਤ ਕੇ ਭਜਾ ਦਿੱਤਾ। ਫਿਰ ਉਹ ਐਤਵਾਰ ਥਾਣੇ ਗਏ ਤੇ ਐੱਫ ਆਈ ਆਰ ਲਿਖਵਾਈ। ਬੱਚੇ ਨੂੰ ਉਹ ਘਰ ਲੈ ਆਏ। ਹਾਲਤ ਹੋਰ ਖਰਾਬ ਹੋਣ ’ਤੇ ਸੈਫਈ ਦੇ ਹਸਪਤਾਲ ਲੈ ਕੇ ਗਏ। ਉਥੇ ਉਸ ਨੇ ਸੋਮਵਾਰ ਸਵੇਰੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਟੀਚਰ ਫਰਾਰ ਦੱਸਿਆ ਜਾਂਦਾ ਹੈ। ਭੀਮ ਆਰਮੀ ਦੇ ਮੈਂਬਰ ਪਿੰਡ ਪਹੁੰਚ ਗਏ ਸਨ ਤੇ ਪਿੰਡ ਵਿਚ ਤਣਾਅ ਨੂੰ ਦੇਖਦਿਆਂ ਫੋਰਸ ਲਾ ਦਿੱਤੀ ਗਈ ਹੈ।





