ਮਾਸਕੋ : ਇੱਥੋਂ 970 ਕਿਲੋਮੀਟਰ ਦੂਰ ਕੇਂਦਰੀ ਰੂਸ ਦੇ ਉਦਮੁਰਤੀਆ ਦੀ ਰਾਜਧਾਨੀ ਇਜ਼ੇਵਸਕ ’ਚ ਸੋਮਵਾਰ ਸਵੇਰੇ ਇਕ ਬੰਦੂਕਧਾਰੀ ਨੇ ਸਕੂਲ ਵਿਚ ਹਮਲਾ ਕਰਕੇ 13 ਜਣਿਆਂ ਨੂੰ ਮਾਰ ਦਿੱਤਾ ਅਤੇ 21 ਨੂੰ ਜ਼ਖਮੀ ਹੋਏ ਹਨ। ਮਾਰੇ ਜਾਣ ਵਾਲਿਆਂ ਵਿਚ 11 ਸਾਲ ਤੋਂ ਉਮਰ ਤੋਂ ਘੱਟ ਦੇ 7 ਵਿਦਿਆਰਥੀਆਂ ਤੋਂ ਇਲਾਵਾ 2 ਟੀਚਰ ਤੇ 2 ਸਕਿਉਰਟੀ ਗਾਰਡ ਹਨ। ਹਮਲਾਵਰ ਦੇ ਇਰਾਦੇ ਦਾ ਫੌਰੀ ਤੌਰ ’ਤੇ ਪਤਾ ਨਹੀਂ ਲੱਗ ਸਕਿਆ। 6 ਲੱਖ 40 ਹਜ਼ਾਰ ਦੀ ਆਬਾਦੀ ਵਾਲੇ ਇਜ਼ੇਵਸਕ ਨੂੰ ਇੰਡਸਟ੍ਰੀਅਲ ਹੱਬ ਵਜੋਂ ਜਾਣਿਆ ਜਾਂਦਾ ਹੈ। ਉਦਮੁਰਤੀਆ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਦੱਸਿਆ ਕਿ ਹਮਲਾਵਰ ਕੰਧ ਟੱਪ ਕੇ ਸਕੂਲ ਵਿਚ ਦਾਖਲ ਹੋਇਆ। ਸ਼ਾਇਦ ਇਸੇ ਕਰਕੇ ਉਹ ਗਾਰਡਾਂ ਦੀਆਂ ਨਜ਼ਰਾਂ ਤੋਂ ਬਚ ਗਿਆ। ਉਸ ਨੇ ਕਮਰਿਆਂ ਵਿਚ ਜਾ ਰਹੇ ਵਿਦਿਆਰਥੀਆਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਗਾਰਡਾਂ ਵੱਲੋਂ ਘਿਰ ਜਾਣ ’ਤੇ ਆਪਣੀ ਪੁੜਪੁੜੀ ’ਤੇ ਗੋਲੀ ਮਾਰ ਕੇ ਆਪਣਾ ਕੰਮ ਵੀ ਤਮਾਮ ਕਰ ਲਿਆ। ਬੰਦੂਕਧਾਰੀ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਉਸ ਦੀ ਟੀ-ਸ਼ਰਟ ’ਤੇ ਗੋਲੇ ਵਿਚ ਸਵਾਸਤਿਕ ਦਾ ਨਿਸ਼ਾਨ ਸੀ। ਖਬਰ ਏਜੰਸੀ ‘ਤਾਸ’ ਮੁਤਾਬਕ ਪੜਤਾਲਕਾਰਾਂ ਦਾ ਕਹਿਣਾ ਹੈ ਕਿ ਹਮਲਾਵਰ ਕੋਲ ਦੋ ਪਿਸਤੌਲ ਤੇ ਕਾਫੀ ਗੋਲੀ-ਸਿੱਕਾ ਸੀ। ਮਈ 2021 ਵਿਚ ਇਕ ਨਾਬਾਲਗ ਬੰਦੂਕਧਾਰੀ ਨੇ ਕਜ਼ਾਨ ਵਿਚ 7 ਬੱਚਿਆਂ ਤੇ ਦੋ ਬਾਲਗਾਂ ਨੂੰ ਮਾਰ ਦਿੱਤਾ ਸੀ। ਅਪ੍ਰੈਲ 2022 ਵਿਚ ਕੇਂਦਰੀ ਉਲਯਾਨੋਵਸਕ ਦੇ ਕਿੰਡਰਗਾਰਟਨ ’ਚ ਇਕ ਬੰਦੂਕਧਾਰੀ ਨੇ ਦੋ ਬੱਚਿਆਂ ਤੇ ਇਕ ਟੀਚਰ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ ਸੀ।