ਨੇਤਨਯਾਹੂ ਨੂੰ ਲੱਭ ਕੇ ਮਾਰਾਂਗੇ : ਈਰਾਨ

0
6

ਤਹਿਰਾਨ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਬਾਰੇ ਸੋਸ਼ਲ ਮੀਡੀਆ ‘ਤੇ ਫੈਲੀਆਂ ਅਫ਼ਵਾਹਾਂ ਨੂੰ ਉਨ੍ਹਾਂ ਦੇ ਦਫ਼ਤਰ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ | ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨੇਤਨਯਾਹੂ ਬਿਲਕੁਲ ‘ਠੀਕ’ ਹਨ ਅਤੇ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਮਹਿਜ਼ ‘ਫੇਕ ਨਿਊਜ਼’ (ਝੂਠੀਆਂ ਖ਼ਬਰਾਂ) ਹਨ | ਦਰਅਸਲ, ਇਹ ਅਫ਼ਵਾਹਾਂ ਉਸ ਵੇਲੇ ਤੇਜ਼ ਹੋਈਆਂ ਜਦੋਂ ਨੇਤਨਯਾਹੂ ਵੱਲੋਂ ਜਾਰੀ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਬਣੀ ਕਰਾਰ ਦਿੱਤਾ | ਦਾਅਵਾ ਕੀਤਾ ਗਿਆ ਕਿ ਵੀਡੀਓ ਵਿੱਚ ਨੇਤਨਯਾਹੂ ਦੇ ਸੱਜੇ ਹੱਥ ਦੀਆਂ ਛੇ ਉਂਗਲਾਂ ਦਿਖਾਈ ਦੇ ਰਹੀਆਂ ਹਨ, ਜੋ ਕਿ ‘ਏ ਆਈ ਗਲਿੱਚ’ ਦਾ ਸੰਕੇਤ ਹੈ | ਅਮਰੀਕੀ ਟਿੱਪਣੀਕਾਰ ਕੈਂਡਿਸ ਓਵੇਨਸ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਸਵਾਲ ਚੁੱਕੇ ਕਿ ਪ੍ਰਧਾਨ ਮੰਤਰੀ ਕਿੱਥੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਵੱਲੋਂ ‘ਨਕਲੀ ਵੀਡੀਓ’ ਕਿਉਂ ਜਾਰੀ ਕੀਤੇ ਜਾ ਰਹੇ ਹਨ | ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਏ ਆਈ ਚੈਟਬੋਟ ‘ਗ੍ਰੋਕ’ ਨੇ ਇਨ੍ਹਾਂ ਦਾਅਵਿਆਂ ਨੂੰ ਤੱਥਾਂ ਦੇ ਆਧਾਰ ‘ਤੇ ਗ਼ਲਤ ਦੱਸਿਆ ਹੈ | ਗ੍ਰੋਕ ਅਨੁਸਾਰ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਉਂਗਲ ਕੋਈ ‘ਏ ਆਈ ਗਲਿੱਚ’ ਨਹੀਂ, ਸਗੋਂ ਪਰਛਾਵੇਂ ਅਤੇ ਹੱਥ ਦੇ ਖ਼ਾਸ ਕੋਣ ਕਾਰਨ ਪੈਦਾ ਹੋਇਆ ਭੁਲੇਖਾ ਸੀ | ਇਸੇ ਦੌਰਾਨ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਨੇ ਕਿਹਾ ਹੈ ਕਿ ਜ਼ਾਇਨਵਾਦੀ ਅਪਰਾਧੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਗੁੰਮਸ਼ੁਦਗੀ ਤੇ ਮਕਬੂਜ਼ਾ ਇਲਾਕਿਆਂ ਵਿੱਚੋਂ ਪਰਵਾਰ ਸਣੇ ਭੱਜ ਜਾਣ ਦੀ ਸੰਭਾਵਨਾ ਜ਼ਾਇਨਵਾਦੀਆਂ ਦੀ ਪਤਲੀ ਹਾਲਤ ਨੂੰ ਦਰਸਾਉਂਦੀ ਹੈ | ਉਸਨੇ ਕਿਹਾ ਹੈ ਕਿ ਜੇ ਬੱਚੇ ਮਾਰਨ ਵਾਲਾ ਅਪਰਾਧੀ ਅਜੇ ਵੀ ਜਿਊਾਦਾ ਹੈ ਤਾਂ ਉਹ ਪੂਰੀ ਤਾਕਤ ਨਾਲ ਉਸਨੂੰ ਲੱਭ ਕੇ ਮਾਰਨਗੇ |
ਨੇਤਨਯਾਹੂ ਤੋਂ ਇਲਾਵਾ ਉਸਦੇ ਪੁੱਤਰ ਯੈਰ ਨੇਤਨਯਾਹੂ ਬਾਰੇ ਵੀ ਕਿਆਸਅਰਾਈਆਂ ਲੱਗ ਰਹੀਆਂ ਹਨ, ਕਿਉਂਕਿ ਉਸਨੇ 9 ਮਾਰਚ ਤੋਂ ਬਾਅਦ ਕੋਈ ਪੋਸਟ ਨਹੀਂ ਪਾਈ |
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਐਤਵਾਰ ਕਿਹਾ ਕਿ ਜੰਗ ਖਤਮ ਕਰਨ ਲਈ ਕਿਸੇ ਵੀ ਪਹਿਲਕਦਮੀ ਦਾ ਈਰਾਨ ਸਵਾਗਤ ਕਰੇਗਾ | ਉਨ੍ਹਾ ਇਹ ਵੀ ਕਿਹਾ ਕਿ ਅਰਬ ਦੇਸ਼ਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਹਮਲੇ ਈਰਾਨ ਨੇ ਨਹੀਂ, ਸਗੋਂ ਇਜ਼ਰਾਈਲ ਨੇ ਕੀਤੇ ਹਨ | ਉਹ ਸਿਰਫ ਹਮਲਾਵਰਾਂ ਦੇ ਅੱਡਿਆਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ | ਉਨ੍ਹਾ ਕਿਹਾ ਕਿ ਉਹ ਗੁਆਂਢੀ ਦੇਸ਼ਾਂ ਵਿੱਚ ਹੋਏ ਹਮਲਿਆਂ ਦੀ ਜਾਂਚ ਕਰਾਉਣ ਲਈ ਤਿਆਰ ਹੈ | ਉਨ੍ਹਾ ਸਪੱਸ਼ਟ ਕੀਤਾ ਕਿ ਤਹਿਰਾਨ ਆਪਣੇ ਗੁਆਂਢੀ ਦੇਸ਼ਾਂ, ਖਾਸ ਕਰਕੇ ਕਤਰ, ਸਾਊਦੀ ਅਰਬ ਅਤੇ ਓਮਾਨ ਨਾਲ ਲਗਾਤਾਰ ਕੂਟਨੀਤਕ ਰਾਬਤਾ ਕਾਇਮ ਰੱਖੇ ਹੋਏ ਹੈ | ਇਨ੍ਹਾਂ ਦੇਸ਼ਾਂ ਨਾਲ ਗੱਲਬਾਤ ਦਾ ਮੁੱਖ ਮਕਸਦ ਖੇਤਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਮੌਜੂਦਾ ਸੰਕਟ ਨੂੰ ਡੂੰਘਾ ਹੋਣ ਤੋਂ ਰੋਕਣਾ ਹੈ | ਜ਼ਿਕਰਯੋਗ ਹੈ ਕਿ ਓਮਾਨ ਅਤੇ ਕਤਰ ਅਕਸਰ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਰਹੇ ਹਨ | ਵਿਦੇਸ਼ ਮੰਤਰੀ ਅਨੁਸਾਰ, ਈਰਾਨ ਆਪਣੇ ਸਾਰੇ ਗੁਆਂਢੀਆਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ |
ਈਰਾਨ ਨੇ ਇਸਤੋਂ ਪਹਿਲਾਂ ਕਿਹਾ ਸੀ ਕਿ ਇਜ਼ਰਾਈਲ ਤੇ ਅਮਰੀਕਾ ਉਸਦੇ ਸ਼ਾਹਿਦ ਡਰੋਨ ਵਰਗੇ ਡਰੋਨ ਚਲਾ ਕੇ ਉਸਨੂੰ ਬਦਨਾਮ ਕਰ ਰਹੇ ਹਨ | ਅਰਾਗਚੀ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਏਲ ਬੈਰੋ ਨਾਲ ਫੋਨ ‘ਤੇ ਗੱਲਬਾਤ ਵਿੱਚ ਕਿਹਾ ਕਿ ਖਿੱਤੇ ਤੇ ਹੋਮਰੂਜ਼ ਜਲਡਮਰੂ ਵਿੱਚ ਅਸੁਰੱਖਿਆ ਲਈ ਅਮਰੀਕੀ-ਇਜ਼ਰਾਈਲੀ ਕਾਰਵਾਈਆਂ ਜ਼ਿੰਮੇਵਾਰ ਹਨ | ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਮੁੱਖ ਤੇਲ ਬਰਾਮਦਗੀ ਕੇਂਦਰ ‘ਖਾਰਗ ਟਾਪੂ’ ‘ਤੇ ਹੋਰ ਹਮਲੇ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਅਮਰੀਕੀ ਕਾਰਵਾਈ ਨੇ ਇਸ ਟਾਪੂ ਨੂੰ ਪਹਿਲਾਂ ਹੀ ਲੱਗਭੱਗ ਤਬਾਹ ਕਰ ਦਿੱਤਾ ਹੈ ਅਤੇ ਉਹ ‘ਸਿਰਫ਼ ਮਨੋਰੰਜਨ ਲਈ’ ਇਸ ਨੂੰ ਕੁਝ ਹੋਰ ਵਾਰ ਨਿਸ਼ਾਨਾ ਬਣਾ ਸਕਦੇ ਹਨ | ਐੱਨ ਬੀ ਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸਪੱਸ਼ਟ ਕੀਤਾ ਕਿ ਭਾਵੇਂ ਈਰਾਨ ਸਮਝੌਤੇ ਲਈ ਤਿਆਰ ਨਜ਼ਰ ਆ ਰਿਹਾ ਹੈ, ਪਰ ਅਜੇ ਤੱਕ ਸ਼ਰਤਾਂ ਅਮਰੀਕਾ ਦੇ ਪੱਖ ਵਿੱਚ ਨਹੀਂ ਹਨ | ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਸੰਸਾਰ ਦੇ ਉਨ੍ਹਾਂ ਦੇਸ਼ਾਂ ਨੂੰ ਹਰਮੁਜ਼ ਜਲਡਮਰੂ ਦੀ ਸੁਰੱਖਿਆ ਲਈ ਆਪਣੇ ਜੰਗੀ ਬੇੜੇ ਭੇਜਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਦੀ ਤੇਲ ਸਪਲਾਈ ਇਸ ਰਸਤੇ ਰਾਹੀਂ ਹੁੰਦੀ ਹੈ |