ਮੋਦੀ ਨੇ 2021 ‘ਚ ਪਾਕਿਸਤਾਨ ਦਾ ਗੇੜਾ ਮਾਰਨਾ ਸੀ

0
12

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇੱਕ ਨਵੇਂ ਰਿਸਰਚ ਪੇਪਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਰੈਲ 2021 ਵਿੱਚ ਪਾਕਿਸਤਾਨ ਦੇ ਬਲੋਚਿਸਤਾਨ ਸਥਿਤ ਪਵਿੱਤਰ ਹਿੰਗਲਾਜ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸਨ | ਇਹ ਦੌਰਾ ਇਸਲਾਮਾਬਾਦ ਨਾਲ ਪ੍ਰਸਤਾਵਤ ਕੂਟਨੀਤਕ ਗੱਲਬਾਤ ਦਾ ਹਿੱਸਾ ਸੀ, ਜਿਸ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਉਨ੍ਹਾ ਦੀ ਸੰਭਾਵੀ ਮੀਟਿੰਗ ਵੀ ਸ਼ਾਮਲ ਸੀ |
ਕੌਮਾਂਤਰੀ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਵੱਲੋਂ ਪ੍ਰਕਾਸ਼ਤ ਇਸ ਪੇਪਰ ਮੁਤਾਬਕ ਇਹ ਪ੍ਰਸਤਾਵਤ ਯਾਤਰਾ, ਜੋ ਕਦੇ ਸਿਰੇ ਨਹੀਂ ਚੜ੍ਹ ਸਕੀ, ਫਰਵਰੀ 2021 ਵਿੱਚ ਲਾਈਨ ਆਫ ਕੰਟਰੋਲ ‘ਤੇ ਜੰਗਬੰਦੀ ਦੀ ਮੁੜ-ਬਹਾਲੀ ਤੋਂ ਬਾਅਦ ਭਾਰਤ-ਪਾਕਿਸਤਾਨ ਸੰਬੰਧਾਂ ਨੂੰ ਸਥਿਰ ਕਰਨ ਲਈ ਇੱਕ ਅਹਿਮ ਪਿਛੋਕੜ ਵਾਲੀ (ਬੈਕ-ਚੈਨਲ) ਪਹਿਲਕਦਮੀ ਦਾ ਹਿੱਸਾ ਸੀ | ਯੋਜਨਾ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਵਿੱਚ ਹਿੰਗਲਾਜ ਮਾਤਾ ਮੰਦਰ ਦੇ ਦਰਸ਼ਨ ਕਰਨੇ ਸਨ ਅਤੇ ਫਿਰ ਇਮਰਾਨ ਖਾਨ ਨਾਲ ਮੁਲਾਕਾਤ ਲਈ ਇਸਲਾਮਾਬਾਦ ਜਾਣਾ ਸੀ |
ਹਾਲਾਂਕਿ ਪੇਪਰ ਮੁਤਾਬਕ ਪਾਕਿਸਤਾਨੀ ਕੈਬਨਿਟ, ਖਾਸ ਕਰਕੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਇਤਰਾਜ਼ਾਂ ਕਾਰਨ ਇਹ ਪ੍ਰਸਤਾਵ ਰੱਦ ਹੋ ਗਿਆ | ਕੋਵਿਡ-19 ਮਹਾਂਮਾਰੀ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹੋਏ ਇਹ ਸਭ ਤੋਂ ਅਹਿਮ ਗੁਪਤ ਸੰਪਰਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਵਿੱਚ ਖੁਫੀਆ ਏਜੰਸੀਆਂ ਦੇ ਮੁਖੀ, ਕੌਮੀ ਸੁਰੱਖਿਆ ਸਲਾਹਕਾਰ ਅਤੇ ਪਾਕਿਸਤਾਨ ਦੀ ਫੌਜੀ ਲੀਡਰਸ਼ਿਪ ਸ਼ਾਮਲ ਸੀ | ਜਨਵਰੀ 2021 ਵਿੱਚ ਕਸ਼ਮੀਰ ਵਿੱਚ ਫੌਜੀ ਤਣਾਅ ਘਟਾਉਣ ਲਈ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਵੀ ਉੱਚ-ਪੱਧਰੀ ਗੁਪਤ ਗੱਲਬਾਤ ਕੀਤੀ ਸੀ | ਇਹ ਚਰਚਾਵਾਂ ਲਾਈਨ ਆਫ ਕੰਟਰੋਲ ‘ਤੇ ਤਣਾਅ ਨੂੰ ਰੋਕਣ ਅਤੇ ਸਥਿਰਤਾ ਬਹਾਲ ਕਰਨ ਦੀਆਂ ਵੱਡੀਆਂ ਕੋਸ਼ਿਸ਼ਾਂ ਦਾ ਹਿੱਸਾ ਸਨ | ਇਨ੍ਹਾਂ ਕੂਟਨੀਤਕ ਅਤੇ ਸੁਰੱਖਿਆ ਸੰਪਰਕਾਂ ਦਾ ਨਤੀਜਾ 25 ਫਰਵਰੀ 2021 ਨੂੰ ਸਾਹਮਣੇ ਆਇਆ, ਜਦੋਂ 2003 ਦੇ ਜੰਗਬੰਦੀ ਸਮਝੌਤੇ ਦੀ ਮੁੜ-ਪੁਸ਼ਟੀ ਕੀਤੀ ਗਈ | ਇਸ ਨਾਲ ਸਰਹੱਦ ਪਾਰੋਂ ਫਾਇਰਿੰਗ ਵਿੱਚ ਵੱਡੀ ਕਮੀ ਆਈ ਅਤੇ ਸਰਹੱਦ ‘ਤੇ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਮਿਲੀ |
ਦੇਵੀ ਸਤੀ ਨਾਲ ਜੁੜੇ 52 ਸ਼ਕਤੀਪੀਠਾਂ ਵਿੱਚੋਂ ਇੱਕ ਮੰਨੇ ਜਾਂਦੇ ਇਸ ਮੰਦਰ ਦੀ ਹਿੰਦੂਆਂ, ਖਾਸ ਕਰਕੇ ਖੱਤਰੀ ਭਾਈਚਾਰੇ ਵਿੱਚ ਕਾਫੀ ਧਾਰਮਕ ਮਹੱਤਤਾ ਹੈ | ਬਲੋਚਿਸਤਾਨ ਵਿੱਚ ਸਥਿਤ ਇਹ ਮੰਦਰ ਪਾਕਿਸਤਾਨ ਦੇ ਸਭ ਤੋਂ ਪਵਿੱਤਰ ਹਿੰਦੂ ਤੀਰਥ ਅਸਥਾਨਾਂ ਵਿੱਚੋਂ ਇੱਕ ਹੈ | ਅਗਸਤ 2019 ਵਿੱਚ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਮਗਰੋਂ ਵਿਗੜੇ ਦੁਵੱਲੇ ਸੰਬੰਧਾਂ ਦੇ ਦੌਰਾਨ ਇਹ ਪ੍ਰਸਤਾਵਤ ਦੌਰਾ ਇੱਕ ਵੱਡਾ ਕੂਟਨੀਤਕ ਕਦਮ ਹੋ ਸਕਦਾ ਸੀ | ‘ਦੀ ਸਟੇਟ ਆਫ ਬੈਕ-ਚੈਨਲ ਟਾਕਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ’ ਨਾਂਅ ਦੇ ਇਸ ਰਿਸਰਚ ਪੇਪਰ ਵਿੱਚ ਦਲੀਲ ਦਿੱਤੀ ਗਈ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੁਪਤ ਸੰਪਰਕਾਂ ਨੇ ਵਾਰ-ਵਾਰ ਤਣਾਅ ਘਟਾਉਣ ਅਤੇ ਸਥਿਤੀ ਨੂੰ ਵਿਗੜਨ ਤੋਂ ਰੋਕਣ ਵਿੱਚ ਮਦਦ ਕੀਤੀ ਹੈ, ਭਾਵੇਂ ਰਸਮੀ ਕੂਟਨੀਤਕ ਗੱਲਬਾਤ ਬੰਦ ਹੀ ਕਿਉਂ ਨਾ ਹੋਵੇ | ਪੇਪਰ ਵਿੱਚ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਮਈ 2025 ਦੇ ਫੌਜੀ ਟਕਰਾਅ ਤੋਂ ਬਾਅਦ ਸੰਚਾਰ ਚੈਨਲਾਂ ਦੀ ਘਾਟ ਕਾਰਨ ਪ੍ਰਮਾਣੂ ਹਥਿਆਰਾਂ ਨਾਲ ਲੈਸ ਇਨ੍ਹਾਂ ਗੁਆਂਢੀ ਦੇਸ਼ਾਂ ਵਿਚਾਲੇ ਗਲਤਫਹਿਮੀ ਦਾ ਖਤਰਾ ਵਧ ਗਿਆ ਹੈ |