ਪਿਥੌਰਾਗੜ੍ਹ (ਨ ਜ਼ ਸ)
ਕਾਂਗਰਸ ਵਿਧਾਇਕ ਹਰੀਸ਼ ਧਾਮੀ ਨੇ ਕਥਿਤ ਤੌਰ ‘ਤੇ ਇੱਥੇ ਜੌਲਜੀਬੀ ਮੇਲੇ ਦੀ ਸਟੇਜ ਦੀ ਭੰਨਤੋੜ ਕੀਤੀ, ਜਦੋਂ ਉਨ੍ਹਾ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮੌਜੂਦਗੀ ਵਿੱਚ ਬੋਲਣ ਦਾ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਨ੍ਹਾ ਭਾਰਤ-ਤਿੱਬਤ ਸਰਹੱਦ ਨੇੜੇ ਮੇਲੇ ਦਾ ਉਦਘਾਟਨ ਕੀਤਾ ਸੀ | ਵਿਧਾਇਕ ਨੇ ਮਾਈਕ ਚੁੱਕ ਕੇ ਮਾਰਿਆ ਤੇ ਸਾਊਾਡ ਬੰਦ ਕਰਨ ਵਾਲੇ ਮੁੰਡਿਆਂ ‘ਤੇ ਕੁਰਸੀ ਵੀ ਮਾਰੀ | ਭਾਜਪਾ ਨੇ ਧਾਰਚੁਲਾ ਦੇ ਵਿਧਾਇਕ ਵੱਲੋਂ ਸਟੇਜ ਤੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦੀ ਨਿੰਦਾ ਕੀਤੀ ਅਤੇ ਉਨ੍ਹਾ ਵਿਰੁੱਧ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ | ਇਸ ਤੋਂ ਪਹਿਲਾਂ ਮੁੱਖ ਮੰਤਰੀ ਧਾਮੀ ਨੇ 10 ਦਿਨਾਂ ਦੇ ਜੌਲਜੀਬੀ ਮੇਲੇ ਦਾ ਉਦਘਾਟਨ ਕੀਤਾ, ਜਿੱਥੇ ਤਿੰਨ ਖੇਤਰਾਂ—ਤਿੱਬਤ, ਭਾਰਤ ਅਤੇ ਨੇਪਾਲ ਦੇ ਸਮਾਨ ਨੂੰ ਪ੍ਰਦਰਸ਼ਤ ਅਤੇ ਵੇਚਿਆ ਜਾਂਦਾ ਹੈ | ਹੰਗਾਮੇ ਤੋਂ ਬਾਅਦ ਹਰੀਸ਼ ਧਾਮੀ ਨੇ ਕਿਹਾ, ‘ਮੈਂ ਇਸ ਮੇਲੇ ਦਾ ਚੇਅਰਪਰਸਨ ਹਾਂ, ਫਿਰ ਵੀ ਮੈਨੂੰ ਸਥਾਨਕ ਲੋਕਾਂ ਦੀਆਂ ਮੰਗਾਂ ਮੁੱਖ ਮੰਤਰੀ ਸਾਹਮਣੇ ਰੱਖਣ ਜਾਂ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ | ਇਹ ਸਰਕਾਰ ਭਿ੍ਸ਼ਟ ਹੈ ਅਤੇ ਵਿਰੋਧੀ ਧਿਰ ਤੋਂ ਡਰਦੀ ਹੈ | ਮੁੱਖ ਮੰਤਰੀ ਕੋਲ ਸੂਬੇ ਵਿੱਚ ਫੈਲੇ ਭਿ੍ਸ਼ਟਾਚਾਰ ਬਾਰੇ ਸੱਚਾਈ ਸੁਣਨ ਦੀ ਹਿੰਮਤ ਨਹੀਂ |’
ਹਰੀਸ਼ ਧਾਮੀ ਮੁੱਖ ਮੰਤਰੀ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਨਾ ਚਾਹੁੰਦੇ ਸਨ | ਥੋੜ੍ਹੀ ਦੇਰ ਬਾਅਦ ਕਾਂਗਰਸੀ ਵਰਕਰ ਇਕੱਠੇ ਹੋ ਗਏ | ਉਨ੍ਹਾ ਕਿਹਾ ਕਿ ਜ਼ਿਲ੍ਹੇ ਦੇ ਇੱਕ ਹੋਰ ਕਾਂਗਰਸੀ ਵਿਧਾਇਕ ਮਯੂਖ ਸਿੰਘ ਮਹਾਰ ਨੂੰ ਵੀ ਉਦਘਾਟਨ ਸਮਾਗਮ ਵਿੱਚ ਨਹੀਂ ਬੁਲਾਇਆ ਗਿਆ | ਜ਼ਿਲ੍ਹਾ ਕਾਂਗਰਸ ਪ੍ਰਧਾਨ ਮੁਕੇਸ਼ ਪੰਤ ਨੇ ਕਿਹਾ, ‘ਜ਼ਿਲ੍ਹੇ ਤੋਂ ਚੁਣੇ ਹੋਏ ਪ੍ਰਤੀਨਿਧੀ ਨੂੰ ਸੱਦਾ ਦੇਣ ਵਿੱਚ ਅਸਫਲ ਰਹਿ ਕੇ ਸਰਕਾਰ ਨੇ ਸਾਰੀਆਂ ਕਦਰਾਂ-ਕੀਮਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ |’
ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਧਾਇਕ ਹਰੀਸ਼ ਧਾਮੀ ਨੇ ਸਮਝਾਇਆ ਕਿ ਉਹ ਸਰਕਾਰ ਕੋਲ ਦੋ ਮੁੱਦੇ ਉਠਾਉਣਾ ਚਾਹੁੰਦੇ ਹਨ : ਦੋ ਦਿਨ ਪਹਿਲਾਂ ਇਸ ਖੇਤਰ ਵਿੱਚ ਇੱਕ ਅੱਠ ਸਾਲ ਦੀ ਬੱਚੀ ਦੀ ਮੌਤ ਅਤੇ ਕਨਾਰ ਵਿੱਚ ਸੜਕ ਸੰਪਰਕ ਸੰਬੰਧੀ ਚਿੰਤਾਵਾਂ |
ਕੀ ਏਨੇ ਗੰਭੀਰ ਮਾਮਲਿਆਂ ‘ਤੇ ਆਵਾਜ਼ ਉਠਾਉਣਾ ਅਪਰਾਧ ਸੀ? ਮੁੱਖ ਮੰਤਰੀ ਜੀ, ਮੇਲਾ ਸਿਰਫ ਸਰਕਾਰ ਦੇ ਗੁਣ ਗਾਉਣ ਦਾ ਮੰਚ ਨਹੀਂ, ਇਹ ਇਸ ਰਾਜ ਦੇ ਲੋਕਾਂ ਦੀਆਂ ਸਮੱਸਿਆਵਾਂ, ਦੁੱਖਾਂ ਅਤੇ ਅਧਿਕਾਰਾਂ ਨੂੰ ਆਵਾਜ਼ ਦੇਣ ਲਈ ਇੱਕ ਲੋਕਤੰਤਰੀ ਮੰਚ ਹੈ | ਇੱਕ ਚੁਣੇ ਹੋਏ ਪ੍ਰਤੀਨਿਧੀ ਹੋਣ ਦੇ ਨਾਤੇ ਇਹ ਮੇਰਾ ਨੈਤਿਕ ਅਤੇ ਸੰਵਿਧਾਨਕ ਫਰਜ਼ ਹੈ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਸਾਹਮਣੇ ਲਿਆਵਾਂ | ਸੀਨੀਅਰ ਭਾਜਪਾ ਆਗੂ ਮਹਿੰਦਰ ਸਿੰਘ ਬੁਡਿਆਲ ਨੇ ਕਿਹਾ ਕਿ ਮੁੱਖ ਮੰਤਰੀ ਕੋਲ ਸਮੇਂ ਦੀ ਘਾਟ ਕਾਰਨ ਸਮਾਗਮ ਪਹਿਲਾਂ ਹੀ ਛੋਟਾ ਕਰ ਦਿੱਤਾ ਗਿਆ ਸੀ | ਉਨ੍ਹਾ ਕਾਂਗਰਸੀ ਵਿਧਾਇਕ ਦੇ ਸਟੇਜ ‘ਤੇ ਵਿਹਾਰ ਦੀ ਨਿੰਦਾ ਕੀਤੀ |
ਮੇਲੇ ਦੇ ਸਟਾਲਾਂ ਵਿੱਚ ਭਾਰਤ-ਤਿੱਬਤ ਵਪਾਰ ਮਾਰਗ ਰਾਹੀਂ ਤਿੱਬਤ ਤੋਂ ਆਯਾਤ ਕੀਤੇ ਗਏ ਊਨੀ ਸਮਾਨ ਦੇ ਨਾਲ-ਨਾਲ ਭਾਰਤੀ ਅਤੇ ਨੇਪਾਲੀ ਵਪਾਰੀਆਂ ਦੇ ਉਤਪਾਦ ਵੀ ਸ਼ਾਮਲ ਹਨ |



