ਨਵੀਂ ਦਿੱਲੀ : ਈਰਾਨ ‘ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੰਗਲਵਾਰ ਪਹਿਲੀ ਵਾਰ ਫੋਨ ‘ਤੇ ਗੱਲਬਾਤ ਹੋਈ। ਇਸ ਦੀ ਜਾਣਕਾਰੀ ਦਿੰਦਿਆਂ ਅਮਰੀਕੀ ਰਾਜਦੂਤ ਸਰਜਿਓ ਗੋਰ ਨੇ ਕਿਹਾ ਕਿ ਗੱਲਬਾਤ ਹਾਰਮੂਜ਼ ਜਲਡਮਰੂ ਖੁੱਲ੍ਹਾ ਰੱਖਣ ਸਣੇ ਪੱਛਮੀ ਏਸ਼ੀਆ ਦੇ ਟਕਰਾਅ ਉੱਤੇ ਕੇਂਦਰਤ ਰਹੀ।
ਉਧਰ ਇਹ ਖਬਰਾਂ ਵੀ ਚੱਲ ਰਹੀਆਂ ਹਨ ਕਿ ਈਰਾਨੀ ਸੁਪਰੀਮ ਲੀਡਰ ਮੁਜਤਬਾ ਜੰਗ ਰੋਕਣ ਲਈ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੈ ਤੇ ਉਸ ਨੇ ਈਰਾਨੀ ਸ਼ਰਤਾਂ ਮੁਤਾਬਕ ਜੰਗ ਛੇਤੀ ਖਤਮ ਕਰਨ ‘ਤੇ ਸਹਿਮਤੀ ਜਤਾਈ ਹੈ। ਅਲ ਅਰਬੀਆ ਦੀ ਰਿਪੋਰਟ ਮੁਤਾਬਕ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਅਮਰੀਕੀ ਸਫੀਰ ਸਟੀਵ ਵਿਟਕੌਫ ਨੂੰ ਦੱਸਿਆ ਕਿ ਮੁਜਤਬਾ ਖਾਮਨੇਈ ਨੇ ਗੱਲਬਾਤ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਕਿਹਾ ਸੀ ਕਿ ਈਰਾਨ ਸਮਝੌਤਾ ਕਰਨਾ ਚਾਹੁੰਦਾ ਤੇ ਇਸੇ ਕਰਕੇ ਉਨ੍ਹਾ ਪੰਜ ਦਿਨਾਂ ਲਈ ਉਸ ਦੇ ਊਰਜਾ ਅਦਾਰਿਆਂ ‘ਤੇ ਹਮਲੇ ਰੋਕ ਦਿੱਤੇ ਹਨ। ਈਰਾਨ ਨੇ ਟਰੰਪ ਦੇ ਇਸ ਬਿਆਨ ਦਾ ਉਸੇ ਵੇਲੇ ਖੰਡਨ ਕਰਦਿਆਂ ਕਿਹਾ ਸੀ ਕਿ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਪਾਕਿਸਤਾਨ, ਤੁਰਕੀ ਤੇ ਮਿਸਰ ਈਰਾਨ ਤੇ ਅਮਰੀਕਾ ਵਿਚਾਲੇ ਵਿਚੋਲਗੀ ਕਰ ਰਹੇ ਹਨ। ਪਾਕਿਸਤਾਨੀ ਅਖਬਾਰ ‘ਡਾਨ’ ਮੁਤਾਬਕ ਪਾਕਿਸਤਾਨੀ ਸੈਨਾ ਮੁਖੀ ਆਸਿਮ ਮੁਨੀਰ ਨੇ ਐਤਵਾਰ ਟਰੰਪ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਸੋਮਵਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨਾਲ ਗੱਲਬਾਤ ਕੀਤੀ। ਫਾਇਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਹੈ ਕਿ ਮਿਸਰ, ਪਾਕਿਸਤਾਨ ਤੇ ਤੁਰਕੀ ਦੇ ਅਧਿਕਾਰੀ ਟਰੰਪ ਦੇ ਦੂਤ ਵਿਟਕੌਫ ਤੇ ਈਰਾਨੀ ਵਿਦੇਸ਼ ਮੰਤਰੀ ਅਰਾਗਚੀ ਨਾਲ ਗੱਲਬਾਤ ਚਲਾ ਰਹੇ ਹਨ। ਸਾਊਦੀ ਅਰਬ ਵੀ ਟਕਰਾਅ ਟਾਲਣ ਲਈ ਇਨ੍ਹਾਂ ਦਾ ਸਾਥ ਦੇ ਰਿਹਾ ਹੈ। ਅਮਰੀਕਾ ਤੇ ਈਰਾਨ ਵਿਚਾਲੇ ਗੱਲਬਾਤ ਇਸਲਾਮਾਬਾਦ ਵਿੱਚ ਕਰਵਾਈ ਜਾ ਸਕਦੀ ਹੈ, ਜਿਸ ਵਿੱਚ ਅਮਰੀਕਾ ਵੱਲੋਂ ਉਪ ਰਾਸ਼ਟਰਪਤੀ ਜੇ ਡੀ ਵਾਂਸ, ਵਿਟਕੌਫ ਤੇ ਕੁਸ਼ਨੇਰ ਸ਼ਾਮਲ ਹੋਣਗੇ।





