ਟਰੰਪ ਨੇ ਮੁਹਲਤ ਵਧਾਈ

0
11

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਊਰਜਾ ਬੁਨਿਆਦੀ ਢਾਂਚੇ ‘ਤੇ ਹਮਲੇ 6 ਅਪਰੈਲ ਤੱਕ ਰੋਕਣ ਤੇ ਈਰਾਨ ਨੂੰ ਹਾਰਮੁਜ਼ ਜਲਮਾਰਗ ਮੁੜ ਖੋਲ੍ਹਣ ਲਈ 10 ਦਿਨ ਦੀ ਮੋਹਲਤ ਦਾ ਐਲਾਨ ਕੀਤਾ ਹੈ। ਉਨ੍ਹਾ ਕਿਹਾ ਕਿ ਜੰਗ ਖਤਮ ਕਰਨ ਲਈ ਗੱਲਬਾਤ ‘ਬਹੁਤ ਵਧੀਆ’ ਚੱਲ ਰਹੀ ਹੈ। ਇਹ ਕਦਮ ਟਰੰਪ ਦੀ ਪਿਛਲੀ ਉਸ ਚਿਤਾਵਨੀ ਤੋਂ ਪਿੱਛੇ ਹਟਣ ਦਾ ਸੰਕੇਤ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਜੇ ਮਹੱਤਵਪੂਰਨ ਸਮੁੰਦਰੀ ਰਸਤਾ ਬੰਦ ਰਿਹਾ ਤਾਂ ਅਮਰੀਕਾ ਈਰਾਨ ਦੇ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾਏਗਾ। ਦੂਜੇ ਪਾਸੇ ਈਰਾਨ ਨੇ ਧਮਕੀ ਦਿੱਤੀ ਸੀ ਕਿ ਜੇ ਅਮਰੀਕਾ ਅਜਿਹੀ ਕਾਰਵਾਈ ਕਰਦਾ ਹੈ, ਤਾਂ ਉਹ ਖੇਤਰੀ ਬੁਨਿਆਦੀ ਢਾਂਚੇ, ਜਿਸ ਵਿੱਚ ਪਾਣੀ ਸਾਫ ਕਰਨ ਵਾਲੇ ਪਲਾਂਟ ਸ਼ਾਮਲ ਹਨ, ‘ਤੇ ਜਵਾਬੀ ਹਮਲਾ ਕਰੇਗਾ।
ਮਿਲਕਫੈੱਡ ਦੇ 3 ਮੈਨੇਜਰ ਮੁਅੱਤਲ
ਚੰਡੀਗੜ੍ਹ : ਭਾਰਤੀ ਫੌਜ ਵੱਲੋਂ 125 ਮੀਟਰਿਕ ਟਨ ਸੁੱਕੇ ਦੁੱਧ ਦੀ ਖੇਪ ਰੱਦ ਕੀਤੇ ਜਾਣ ਮਗਰੋਂ ਸ਼ੁੱਕਰਵਾਰ ਮਿਲਕਫੈੱਡ ਨੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਮੈਨੇਜਰ (ਗੁਣਵੱਤਾ) ਗੁਰਇਕਬਾਲ ਸਿੰਘ ਅਤੇ ਮੈਨੇਜਰ (ਉਤਪਾਦਨ) ਪਰਿਤੋਸ਼ ਮਿਸ਼ਰਾ ਨੂੰ ਮੁਅੱਤਲ ਕਰ ਦਿੱਤਾ।
ਤੋਦਾ ਡਿੱਗਣ ਨਾਲ 7 ਮੌਤਾਂ
ਸ੍ਰੀਨਗਰ : ਗੰਦਰਬਲ ਜ਼ਿਲ੍ਹੇ ਵਿੱਚ ਪੈਂਦੇ ਜ਼ੋਜੀਲਾ ਪਾਸ ‘ਤੇ ਸ਼ੁੱਕਰਵਾਰ ਬਰਫ ਦਾ ਵੱਡਾ ਤੋਦਾ ਡਿੱਗਣ ਨਾਲ 7 ਜਣਿਆਂ ਦੀ ਮੌਤ ਹੋ ਗਈ ਤੇ 5 ਜ਼ਖ਼ਮੀ ਹੋ ਗਏ। 6 ਮੌਤਾਂ ਇੱਕ ਕਾਰ ਵਿੱਚ ਹੋਈਆਂ। ਕਈ ਗੱਡੀਆਂ ਬਰਫ ਅਤੇ ਮਲਬੇ ਹੇਠਾਂ ਬੁਰੀ ਤਰ੍ਹਾਂ ਫਸ ਗਈਆਂ।
ਬਾਲੇਨ ਨੇ ਨੇਪਾਲ ਦੀ ਕਮਾਨ ਸੰਭਾਲੀ
ਕਠਮੰਡੂ : ਨੇਪਾਲ ਵਿੱਚ ਜੈੱਨ ਜ਼ੀ’ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਤੋਂ ਲਾਂਭੇ ਹੋਣ ਦੇ ਛੇ ਮਹੀਨਿਆਂ ਬਾਅਦ ਰਾਸ਼ਟਰੀ ਸੁਤੰਤਰ ਪਾਰਟੀ ਦੇ 35 ਸਾਲਾ ਆਗੂ ਬਾਲੇਂਦਰ ਸ਼ਾਹ ‘ਬਾਲੇਨ’ ਨੇ ਸ਼ੁੱਕਰਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਬਾਲੇਨ ਨੇਪਾਲ ਵਿੱਚ ਇਸ ਅਹੁਦੇ ਲਈ ਲੋਕਤੰਤਰੀ ਤੌਰ ‘ਤੇ ਚੁਣੇ ਗਏ ਸਭ ਤੋਂ ਨੌਜਵਾਨ ਆਗੂ ਹਨ ਅਤੇ ਉਹ ਕਾਰਜਪਾਲਿਕਾ ਦਾ ਸਰਬਉੱਚ ਅਹੁਦਾ ਸੰਭਾਲਣ ਵਾਲੇ ਮਧੇਸ਼ ਖੇਤਰ ਦੇ ਪਹਿਲੇ ਵਿਅਕਤੀ ਵੀ ਹਨ।