ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਜੰਗ ਕਰਕੇ ਪੂਰੀ ਦੁਨੀਆ ਵਿੱਚ ਤਣਾਅ ਬਣਿਆ ਹੋਇਆ ਹੈ, ਪਰ ਦੇਸ਼ ‘ਚ ਲਾਕਡਾਊਨ ਲੱਗਣ ਦੀ ਕੋਈ ਸੰਭਾਵਨਾ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਗੈਸ ਸਿਲੰਡਰ ਦਾ ਛੇ ਦਿਨ, ਪੈਟਰੋਲ 12 ਦਿਨ ਅਤੇ ਡੀਜ਼ਲ ਦਾ 14 ਦਿਨ ਦਾ ਸਟਾਕ ਮੌਜੂਦ ਹੈ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਕੁਝ ਸਟੋਰ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨੇ ਭਾਰਤ ਸਰਕਾਰ ਤੋਂ ਪੈਟਰੋਲ, ਡੀਜ਼ਲ ਤੇ ਡੀ ਏ ਪੀ ਦੀ ਵਧੀ ਹੋਈ ਅਤੇ ਨਿਰਵਿਘਨ ਸਪਲਾਈ ਤੁਰੰਤ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾ ਚੇਤਾਵਨੀ ਦਿੱਤੀ ਕਿ ਤੇਲ ਦੀ ਉਪਲੱਬਧਤਾ ਵਿੱਚ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਕੌਮੀ ਖੁਰਾਕ ਸੁਰੱਖਿਆ ਨੂੰ ਸਿੱਧੇ ਤੌਰ ‘ਤੇ ਪ੍ਰਭਾਵਤ ਕਰ ਸਕਦਾ ਹੈ।
ਮਾਨ ਨੇ ਕਿਹਾ—ਕੇਂਦਰ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਡੀ ਏ ਪੀ ਖਾਦ ਦੀ ਨਿਯਮਤ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ, ਕਿਉਂਕਿ ਪੰਜਾਬ ਵਿੱਚ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਪੇਂਡੂ ਖੇਤਰਾਂ ਵਿੱਚ ਐੱਲ ਪੀ ਜੀ ਰੀਫਿਲ ਲਈ 45 ਦਿਨਾਂ ਦੀ ਉਡੀਕ ਮਿਆਦ ਨੂੰ ਵੀ ਸ਼ਹਿਰੀ ਖੇਤਰਾਂ ਦੇ ਬਰਾਬਰ 25 ਦਿਨ ਤੱਕ ਘਟਾਉਣਾ ਚਾਹੀਦਾ ਹੈ।
ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਦੇਸ਼ਾਂ ਨਾਲ ਚੰਗੀ ਦੋਸਤੀ ਦੇ ਦਾਅਵੇ ਕਰਦੇ ਹਨ ਤਾਂ ਉਹ ਅਜਿਹੇ ਸਮੇਂ ਆਪਣੀ ਦੋਸਤੀ ਨੂੰ ਦੇਸ਼ ਦੇ 140 ਕਰੋੜ ਲੋਕਾਂ ਲਈ ਵਰਤਣ ਅਤੇ ਉਨ੍ਹਾਂ ਦੀਆਂ ਦਿੱਕਤਾਂ ਫੌਰੀ ਤੌਰ ‘ਤੇ ਦੂਰ ਕਰਨ।
ਮਾਨ ਨੇ ਕਿਹਾ ਕਿ ਭਾਰਤ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰ ਰਿਹਾ ਹੈ, ਪਰ ਅੱਜ ਵਿਸ਼ਵ ਚੇਲਾ ਬਣ ਕੇ ਰਹਿ ਗਿਆ ਹੈ, ਜਿਸ ਨੂੰ ਅਮਰੀਕਾ ਸਥਿਤ ਵ੍ਹਾਈਟ ਹਾਊਸ ਤੋਂ ਇੱਕ ਮਹੀਨੇ ਲਈ ਤੇਲ ਖਰੀਦਣ ਦੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਗਲਤ ਹੈ। ਉਨ੍ਹਾ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨਾਲ ਗੱਲ ਕਰਨ, ਤਾਂ ਜੋ ਵੱਖ-ਵੱਖ ਦੇਸ਼ਾਂ ਵਿੱਚੋਂ ਭਾਰਤ ਆਉਣ ਵਾਲੇ ਸਮਾਨ ਦੀ ਸਪਲਾਈ ਪ੍ਰਭਾਵਤ ਨਾ ਹੋਵੇ।




