ਸ਼ਬੀਰ ਸ਼ਾਹ ਦੀ ਮਨੀ ਲਾਂਡਰਿੰਗ ਕੇਸ ‘ਚ ਵੀ ਜ਼ਮਾਨਤ

0
7

ਨਵੀਂ ਦਿੱਲੀ : ਕਸ਼ਮੀਰੀ ਆਗੂ ਸ਼ਬੀਰ ਸ਼ਾਹ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸ਼ਨਿੱਚਰਵਾਰ ਮਨੀ ਲਾਂਡਰਿੰਗ ਕੇਸ ਵਿੱਚ ਜ਼ਮਾਨਤ ਦੇ ਦਿੱਤੀ। ਵਿਸ਼ੇਸ਼ ਜੱਜ (ਐੱਨ ਆਈ ਏ) ਪ੍ਰਸ਼ਾਂਤ ਸ਼ਰਮਾ ਨੇ ਦਹਿਸ਼ਤੀ ਕਾਰਵਾਈਆਂ ਲਈ ਫੰਡਿੰਗ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਸ਼ਬੀਰ ਸ਼ਾਹ ਨੂੰ ਜ਼ਮਾਨਤ ਦਿੱਤੀ। ਉਸਨੂੰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਅੱਤਵਾਦੀ ਫੰਡਿੰਗ ਕੇਸ ਵਿੱਚ ਜ਼ਮਾਨਤ ਦਿੱਤੀ ਗਈ ਸੀ। ਸ਼ਬੀਰ ਸ਼ਾਹ ਨੂੰ 2019 ਵਿੱਚ ਐੱਨ ਆਈ ਏ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਈ ਡੀ ਨੇ ਵੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਵਕੀਲ ਐੱਮ ਐੱਸ ਖਾਨ ਨੇ ਸ਼ਬੀਰ ਸ਼ਾਹ ਲਈ ਜ਼ਮਾਨਤ ਪਟੀਸ਼ਨ ਦਾਖਲ ਕਰਦਿਆਂ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਪਹਿਲਾਂ ਹੀ ਉਸਨੂੰ ਐੱਨ ਆਈ ਏ ਕੇਸ ਵਿੱਚ ਜ਼ਮਾਨਤ ਦੇ ਚੁੱਕੀ ਹੈ ਅਤੇ ਈ ਡੀ ਦਾ ਕੇਸ ਐੱਨ ਆਈ ਏ ਦੇ ਕੇਸ ‘ਤੇ ਅਧਾਰਤ ਹੈ ਅਤੇ ਇਸ ਦੇ ਬਾਵਜੂਦ ਉਹ 2019 ਤੋਂ ਹਿਰਾਸਤ ਵਿੱਚ ਹੈ। ਜ਼ਮਾਨਤ ਮਿਲਣ ਮਗਰੋਂ ਖਾਨ ਨੇ ਕਿਹਾ ਕਿ ਸ਼ਬੀਰ ਸ਼ਾਹ ਸੋਮਵਾਰ ਨੂੰ ਆਪਣੇ ਜ਼ਮਾਨਤੀ ਬਾਂਡ ਜਮ੍ਹਾਂ ਕਰਾਉਣ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ ਏ ਪੀ ਏ) ਦੇ ਤਹਿਤ ਦਰਜ ਕੀਤੇ ਗਏ ਕਥਿਤ ਦਹਿਸ਼ਤੀ ਕਾਰਵਾਈਆਂ ਲਈ ਫੰਡਿਗ ਕੇਸ ਵਿੱਚ ਸ਼ਾਹ ਨੂੰ ਜ਼ਮਾਨਤ ਦਿੱਤੀ ਸੀ।