ਬਰਨਾਲਾ : ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿੱਚ ਐਤਵਾਰ ਤੜਕੇ ਜੈੱਕਾਂ ਦੀ ਮਦਦ ਨਾਲ ਉੱਚਾ ਚੁੱਕਿਆ ਜਾ ਰਿਹਾ ਲੈਂਟਰ ਅਚਾਨਕ ਢਹਿ ਜਾਣ ਕਾਰਨ 3 ਮਜ਼ਦੂਰ ਮਲਬੇ ਹੇਠ ਦੱਬ ਕੇ ਮਾਰੇ ਗਏ। ਵਿਸ਼ਾਲ ਦੇ ਮਕਾਨ ਦੇ ਲੈਂਟਰ ਨੂੰ ਉੱਚਾ ਚੁੱਕਣ ਦਾ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਸੀ। ਭਾਰੀ ਮੁਸ਼ੱਕਤ ਤੋਂ ਬਾਅਦ ਮਜ਼ਦੂਰਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢ ਕੇ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਚੌਥੇ ਮਜ਼ਦੂਰ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਨੂੰ ਆਪਣੇ ਘਰ ਚਲਾ ਗਿਆ ਸੀ, ਪਰ ਫਿਰ ਵੀ ਸਾਵਧਾਨੀ ਵਜੋਂ ਪਿੰਡ ਵਾਸੀ ਮਲਬਾ ਹਟਾ ਕੇ ਜਾਂਚ ਕਰ ਰਹੇ ਸਨ। ਸਰਪੰਚ ਜਗਸੀਰ ਸਿੰਘ ਅਨੁਸਾਰ ਇਹ ਹਾਦਸਾ ਰਾਤ ਨੂੰ ਆਏ ਤੇਜ਼ ਮੀਂਹ ਅਤੇ ਹਨੇਰੀ ਕਾਰਨ ਮਕਾਨ ਦਾ ਸੰਤੁਲਨ ਵਿਗੜਨ ਕਰਕੇ ਵਾਪਰਿਆ।





