ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ,
ਕੰਵਲਜੀਤ ਸਿੰਘ)
ਨਿਊ ਜ਼ੀਲੈਂਡ ਦੀ ਪ੍ਰਮੁੱਖ ਖਬਰ ਸੰਸਥਾ ‘ਸਟੱਫ’ ਨੇ ਪਹਿਲੀ ਵਾਰ ਬਲਤੇਜ ਸਿੰਘ ਦਾ ਨਾਂਅ ਜਨਤਕ ਕੀਤਾ ਹੈ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ਵਿਚ ਸ਼ਾਮਲ ਸਤਵੰਤ ਸਿੰਘ ਦਾ ਭਤੀਜਾ ਹੈ।ਬਲਤੇਜ ‘ਤੇ ਨਿਊ ਜ਼ੀਲੈਂਡ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੈਥਾਮਫੇਟਾਮਾਈਨ (ਨਸ਼ੀਲੇ ਪਦਾਰਥ) ਦੀ ਤਸਕਰੀ ਦਾ ਮਾਸਟਰਮਾਈਂਡ ਹੋਣ ਦਾ ਇਲਜ਼ਾਮ ਲੱਗਾ ਹੈ। ਭਾਰਤੀ ਅਤੇ ਕੌਮਾਂਤਰੀ ਮੀਡੀਆ ਨੇ ਪਹਿਲਾਂ ਹੀ ਉਸ ਦਾ ਨਾਂਅ ਪ੍ਰਕਾਸ਼ਤ ਕਰ ਦਿੱਤਾ ਸੀ, ਪਰ ਨਿਊ ਜ਼ੀਲੈਂਡ ਦੀ ਅਦਾਲਤ ਵੱਲੋਂ ਲਗਾਈ ਗਈ ਪਾਬੰਦੀ ਕਾਰਨ ਉੱਥੋਂ ਦਾ ਸਥਾਨਕ ਮੀਡੀਆ ਹੁਣ ਤੱਕ ਉਸ ਦੀ ਪਛਾਣ ਗੁਪਤ ਰੱਖਣ ਲਈ ਮਜਬੂਰ ਸੀ।
ਬਲਤੇਜ ਸਿੰਘ ਨੇ ਆਪਣਾ ਨਾਂਅ ਗੁਪਤ ਰੱਖਣ ਲਈ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਸੀ, ਜਿਹੜੀ ਹੁਣ ਵਾਪਸ ਲੈ ਲਈ ਹੈ।ਇਹ ਮਾਮਲਾ ਸਾਲ 2023 ਵਿੱਚ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਇੱਕ 21 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਸੀ। ਉਸ ਨੇ ਗਲਤੀ ਨਾਲ ਨਸ਼ੇ ਵਾਲੀ ਬੀਅਰ ਪੀ ਲਈ ਸੀ। ਪੁਲਸ ਨੇ ਜਾਂਚ ਦੌਰਾਨ ਕੈਨੇਡਾ ਤੋਂ ਆਏ ਜੂਸ ਅਤੇ ਬੀਅਰ ਦੇ ਡੱਬਿਆਂ ਵਿੱਚ ਲੁਕਾਇਆ ਹੋਇਆ ਲਗਭਗ 700 ਕਿਲੋਗ੍ਰਾਮ ਨਸ਼ਾ ਬਰਾਮਦ ਕੀਤਾ ਸੀ।ਇਸ ਨਸ਼ੇ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਅਰਬਾਂ ਵਿੱਚ ਬਣਦੀ ਹੈ।ਨਿਊ ਜ਼ੀਲੈਂਡ ਦੀ ਅਦਾਲਤ ਵੱਲੋਂ ਬਲਤੇਜ ਸਿੰਘ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ 22 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਦੀ 3 ਕਰੋੜ 60 ਲੱਖ ਮਿਲੀਅਨ ਡਾਲਰ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।ਭਾਰਤੀ ਸੁਰੱਖਿਆ ਏਜੰਸੀਆਂ ਮੁਤਾਬਕ ਬਲਤੇਜ ਸਿੰਘ ਦਾ ਪਿਛੋਕੜ 1984 ਦੀਆਂ ਇਤਿਹਾਸਕ ਘਟਨਾਵਾਂ ਨਾਲ ਜੁੜਿਆ ਹੋਇਆ ਹੈ।ਉਹ ਸਰਵਣ ਸਿੰਘ ਅਗਵਾਨ ਦਾ ਪੁੱਤਰ ਹੈ, ਜਿਸ ਦਾ ਭਰਾ ਸਤਵੰਤ ਸਿੰਘ ਉਨ੍ਹਾਂ ਦੋ ਅੰਗ ਰੱਖਿਅਕਾਂ ਵਿੱਚੋਂ ਸ਼ਾਮਲ ਸੀ, ਜਿਨ੍ਹਾਂ 31 ਅਕਤੂਬਰ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ 1980 ਦੇ ਦਹਾਕੇ ਦੌਰਾਨ ਹੀ ਸਤਵੰਤ ਸਿੰਘ ਦਾ ਪਰਵਾਰ ਨਿਊ ਜ਼ੀਲੈਂਡ ਚਲਾ ਗਿਆ ਸੀ। ਉੱਥੇ ਉਨ੍ਹਾਂ ਪਹਿਲਾਂ ਇੱਕ ਛੋਟੀ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ, ਪਰ ਬਾਅਦ ਵਿੱਚ ਰੀਅਲ ਅਸਟੇਟ ਦੇ ਕਾਰੋਬਾਰ ਰਾਹੀਂ ਉਹ ਕਾਫੀ ਅਮੀਰ ਹੋ ਗਏ। ਰਿਪੋਰਟਾਂ ਅਨੁਸਾਰ ਬਲਤੇਜ ਸਿੰਘ ਦੇ ਪਿਤਾ ਨੇ ਉਥੇ 100 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਇੱਕ ਬੰਗਲਾ ਵੀ ਖਰੀਦਿਆ ਸੀ।





