ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ‘ਤੇ ਵਿਚਾਰ-ਚਰਚਾ 8 ਨੂੰ

0
10

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ 8 ਅਪ੍ਰੈਲ ਇਤਿਹਾਸਕ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ, ਬੀ ਕੇ ਦੱਤ ਅਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਦੀ ਪ੍ਰਸੰਗਕਤਾ ਉਭਾਰਨ ਲਈ 8 ਅਪ੍ਰੈਲ ਨੂੰ ਠੀਕ 2:30 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਵਿਸ਼ੇਸ਼ ਵਿਚਾਰ-ਚਰਚਾ ਮਿਲਣੀ ਦਾ ਆਯੋਜਨ ਕਰ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਰੋਜ਼ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਸੈਂਟਰਲ ਅਸੈਂਬਲੀ ਦਿੱਲੀ ਵਿੱਚ ਬੰਬ ਧਮਾਕਾ ਕਰਕੇ ਅਤੇ ਹੱਥ ਪਰਚੇ ਸੁੱਟ ਕੇ ਬਰਤਾਨਵੀ ਹਕੂਮਤ ਖ਼ਿਲਾਫ਼ ਧਮਾਕੇਦਾਰ ਆਵਾਜ਼ ਬੁਲੰਦ ਕੀਤੀ ਸੀ ਕਿ ਕਿਵੇਂ ਭਾਰਤੀ ਲੋਕਾਂ ਉਪਰ ਗ਼ੁਲਾਮੀ ਦਾ ਸ਼ਿਕੰਜਾ ਕੱਸਣ, ਹਰ ਤਰ੍ਹਾਂ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਕਰਨ ਅਤੇ ਮਜ਼ਦੂਰ ਜਮਾਤ ਦੀ ਬੁਰੀ ਤਰ੍ਹਾਂ ਆਵਾਜ਼ ਬੰਦ ਕਰਨ ਲਈ ‘ਪਬਲਿਕ ਸੇਫਟੀ ਬਿੱਲ’ ਅਤੇ ਟਰੇਡ ਡਿਸਪਿਊਟ ਬਿੱਲ ਦੇ ਨਾਂਅ ਹੇਠ ਕਾਲ਼ੇ ਕਾਨੂੰਨਾਂ ਦੇ ਦੰਦ ਤਿੱਖੇ ਕੀਤੇ ਜਾ ਰਹੇ ਹਨ, ਜਿਸ ਖ਼ਿਲਾਫ਼ ਆਵਾਮ ਨੂੰ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ।
ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਇੱਕ ਵਿਸ਼ੇਸ਼ ਮੰਤਵ ਨਾਲ ਹੱਥ ਪਰਚੇ ਸੁੱਟੇ, ਜਿਨ੍ਹਾਂ ਉਪਰ ਲਿਖਿਆ ਸੀ, ‘ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ।’ ਉਹਨਾਂ ਉਸੇ ਵੇਲੇ ਗ੍ਰਿਫ਼ਤਾਰੀ ਵੀ ਦੇ ਦਿੱਤੀ ਅਤੇ ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਬਾਖ਼ੂਬੀ ਨਾਲ ਵਰਤਣ ਦਾ ਰਾਹ ਚੁਣਿਆ।ਇਸ ਉਪਰੰਤ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਦਹਿਸ਼ਤਗਰਦ ਸਾਬਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ।ਸਮਾਜਿਕ ਬਦਲਾਅ ਭਾਵ ਇਨਕਲਾਬ ਦੇ ਚਿੰਨ੍ਹ ਭਗਤ ਸਿੰਘ ਨੂੰ ਇੱਕ ਅੱਤਵਾਦੀ ਅਤੇ ਬੰਬਾਂ, ਪਿਸਤੌਲਾਂ ਤੱਕ ਸੀਮਤ ਕਰਨ ਲਈ ਹਰ ਹਰਬਾ ਵਰਤਿਆ ਗਿਆ, ਜੋ ਅੱਜ ਵੀ ਹੋਛੇ ਢੰਗ ਨਾਲ਼ ਜਾਰੀ ਹੈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਧਾਰਾ ਉਹਨਾਂ ਦੇ ਉਦੇਸ਼ਾਂ ਨੂੰ ਇਤਿਹਾਸਕ ਹਵਾਲਿਆਂ ਨਾਲ ਜਨਤਾ ਦੇ ਸਾਹਮਣੇ ਇਹਨਾਂ ਦਿਨਾਂ ਵਿੱਚ ਲਿਆਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਸਮੇਂ ਦੀ ਇਸ ਲੋੜ ਨੂੰ ਹੁੰਗਾਰਾ ਭਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ 8 ਅਪ੍ਰੈਲ ਨੂੰ 2:30 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋ ਰਹੀ ਵਿਚਾਰ-ਚਰਚਾ ਮਿਲਣੀ ‘ਚ ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਇਨਕਲਾਬੀ ਜਮਹੂਰੀ ਲਹਿਰ ਦੇ ਕਾਮਿਆਂ, ਤਰਕਸ਼ੀਲਾਂ, ਜਮਹੂਰੀ ਕਾਰਕੁਨਾਂ ਨੂੰ ਉਚੇਚੇ ਤੌਰ ‘ਤੇ ਸ਼ਾਮਲ ਹੋਣ ਦੀ ਲੋੜ ਹੈ।