ਬਲਵਿੰਦਰ ਜੰਮੂ ਨੇ ਆਈ ਜੇ ਯੂ ਦੇ ਕੌਮੀ ਪ੍ਰਧਾਨ ਦਾ ਅਹੁਦਾ ਸੰਭਾਲਿਆ

0
7

ਜਗਰਾਓਂ/ਲਹਿਰਾ ਮੁਹੱਬਤ
(ਸੰਜੀਵ ਅਰੋੜਾ, ਭੀਮ ਸੈਨ ਹਦਵਾਰੀਆ)
ਇੰਡੀਅਨ ਜਰਨਲਿਸਟਸ ਯੂਨੀਅਨ (ਆਈ ਜੇ ਯੂ) ਦੀ 11ਵੀਂ ਨੈਸ਼ਨਲ ਪਲੈਨਰੀ ਨੇ ਵਿਜੇਵਾੜਾ ਵਿੱਚ ਆਪਣੀ ਨਵੀਂ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ। ਇਸ ਮੌਕੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਪੰਜਾਬ ਦੇ ਬਲਵਿੰਦਰ ਸਿੰਘ ਜੰਮੂ ਨੇ ਕੌਮੀ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਆਗੂ ਡੀ ਸੋਮ ਸੁੰਦਰ ਨੇ ਸਕੱਤਰ ਜਨਰਲ ਦਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਬਾਅਦ ਜੰਮੂ ਨੇ ਸੰਬੋਧਨ ਕਰਦਿਆਂ ਪੱਤਰਕਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੂਬਾ ਪੱਧਰ ‘ਤੇ ਸੈਮੀਨਾਰ ਅਤੇ ਕਨਵੈਨਸ਼ਨਾਂ ਕਰ ਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨ ਦਾ ਸੱਦਾ ਦਿੱਤਾ। ਉਨ੍ਹਾ ਕਿਹਾ ਕਿ ਮੀਡੀਆ ਉੱਪਰ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ, ਵਧ ਰਹੇ ਠੇਕੇਦਾਰੀ ਪ੍ਰਬੰਧ, ਪ੍ਰੈੱਸ ਦੀ ਅਜ਼ਾਦੀ ਉਪਰ ਵਧ ਰਹੇ ਹਮਲਿਆਂ ਕਾਰਨ ਪੱਤਰਕਾਰੀ ਗੰਭੀਰ ਸੰਕਟ ਦਾ ਸ਼ਿਕਾਰ ਹੈ। ਇਸ ਮੌਕੇ ਚੋਣ ਅਧਿਕਾਰੀ ਸੀਨੀਅਰ ਪੱਤਰਕਾਰ ਐੱਮ ਏ ਮਾਜ਼ਿਦ ਨੇ ਨਤੀਜਿਆਂ ਦਾ ਐਲਾਨ ਕੀਤਾ। ਪੰਜਾਬ ਦੇ ਇਕ ਹੋਰ ਸੀਨੀਅਰ ਆਗੂ ਬਲਬੀਰ ਸਿੰਘ ਜੰਡੂ ਕੌਮੀ ਖ਼ਜ਼ਾਨਚੀ, ਅਮਰ ਮੋਹਨ ਪ੍ਰਸਾਦ (ਬਿਹਾਰ) ਅਤੇ ਵਾਈ ਨਰਿੰਦਰ ਰੈਡੀ (ਤੇਲੰਗਾਨਾ) ਕੌਮੀ ਮੀਤ ਪ੍ਰਧਾਨ ਅਤੇ ਨਰਿੰਦਰ ਭਾਰਦਵਾਜ (ਉਤਰ ਪ੍ਰਦੇਸ਼), ਡੀ ਐੱਸ ਆਰ ਸੁਭਾਸ਼ (ਤਾਮਿਲਨਾਡੂ) ਅਤੇ ਪੀ ਭਾਸਕਰ ਰੈਡੀ (ਕਰਨਾਟਕ) ਨੂੰ ਨਿਰਵਿਰੋਧ ਕੌਮੀ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ ਗਿਆ।
ਪੰਜਾਬ ਦੀ ਸੀਨੀਅਰ ਪੱਤਰਕਾਰ ਬਿੰਦੂ ਸਿੰਘ ਸਮੇਤ ਹੋਰ ਰਾਜਾਂ ਦੇ 14 ਮੈਂਬਰਾਂ ਨੂੰ ਕੌਮੀ ਕਾਰਜਕਾਰਨੀ ਲਈ ਚੁਣ ਲਿਆ ਗਿਆ। ਪੰਜਾਬ ਅਤੇ ਚੰਡੀਗੜ੍ਹ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਸਮੇਤ ਦੂਜੇ ਸੂਬਿਆਂ ਦੇ ਪ੍ਰਧਾਨ ਅਤੇ ਸਕੱਤਰ ਜਨਰਲ ਵੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤੇ ਗਏ ਹਨ।ਇੰਡੀਅਨ ਜਰਨਲਿਸਟਸ ਯੂਨੀਅਨ ਨੇ ਸਰਬਸੰਮਤੀ ਨਾਲ ਦੇਸ਼ ਭਰ ‘ਚ 5 ਪੱਤਰਕਾਰਾਂ ਦੇ ਮਾਰੇ ਜਾਣ, ਪੰਜਾਬ ਸਮੇਤ ਹੋਰ ਰਾਜਾਂ ਦੇ ਦਰਜਨਾਂ ਪੱਤਰਕਾਰਾਂ ਉਪਰ ਜਾਨਲੇਵਾ ਹਮਲੇ, ਝੂਠੇ ਕੇਸ ਦਰਜ ਕਰਨ ਤੇ ਡਿਜੀਟਲ ਪ੍ਰੇਸ਼ਾਨੀਆਂ ਦੀ ਜ਼ੋਰਦਾਰ ਨਿੰਦਾ ਤੋਂ ਇਲਾਵਾ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਸ਼ਤਿਹਾਰਬਾਜ਼ੀ ਦੀ ਹਥਿਆਰ ਵਜੋਂ ਦੁਰਵਰਤੋਂ ਉਪਰ ਫ਼ੌਰੀ ਰੋਕ ਲਾਉਣ ਦੀ ਮੰਗ ਕੀਤੀ। ਪੱਤਰਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ, ਕੌਮੀ ਅਤੇ ਰਾਜ ਪੱਧਰ ਉਪਰ ਮੀਡੀਆ ਕਮਿਸ਼ਨ ਕਾਇਮ ਕਰਨ ਤੋਂ ਇਲਾਵਾ ਕੌਮੀ ਪ੍ਰੈੱਸ ਕੌਂਸਲ ਦੀ ਥਾਂ ਪ੍ਰਭਾਵਸ਼ਾਲੀ ਮੀਡੀਆ ਕੌਸਲ ਬਣਾਉਣ ਦੀ ਵੀ ਮੰਗ ਸਮੇਤ 10 ਮਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਪੰਜਾਬ ਦੀ ਆਗੂ ਟੀਮ ਵੱਲੋਂ ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਕੇ ਸ੍ਰੀਨਿਵਾਸ ਰੈਡੀ, ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਅਤੇ ਸਕੱਤਰ ਜਨਰਲ ਡੀ ਸੋਮ ਸੁੰਦਰ ਦਾ ਸਨਮਾਨ ਕੀਤਾ ਗਿਆ।