ਲੇਬਰ ਕੋਡਾਂ ਖਿਲਾਫ਼ ਪ੍ਰੋਲੇਤਾਰੀ ਸੜਕਾਂ ‘ਤੇ

0
5

ਜਲੰਧਰ (ਗਿਆਨ ਸੈਦਪੁਰੀ)
ਏਟਕ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫ਼ਟੂ) ਤੇ ਸੀ ਟੀ ਯੂ ਸਮੇਤ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਪੰਜਾਬ ਦੀਆਂ ਟਰੇਡ ਯੂਨੀਅਨਾਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਬਹੁਤ ਸਾਰੀਆਂ ਥਾਂਵਾਂ ‘ਤੇ ਬੁੱਧਵਾਰ ਕਾਲਾ ਦਿਵਸ ਮਨਾਇਆ ਗਿਆ। ਟਰੇਡ ਯੂਨੀਅਨਾਂ ਵੱਲੋਂ ਚਾਰ ਲੇਬਰ ਕੋਡ, ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ, ਬਿਜਲੀ ਸੋਧ ਬਿੱਲ 2025 ਅਤੇ ਨਿੱਜੀਕਰਨ ਵਿਰੁੱਧ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੈਲੀ ਕਰਨ ਉਪਰੰਤ ਪ੍ਰੈੱਸ ਕਲੱਬ ਤੱਕ ਕਾਲ਼ੇ ਝੰਡਿਆਂ ਨਾਲ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਏਟਕ ਦੇ ਪਲਵਿੰਦਰ ਸਿੰਘ ਪਲਪੋਤਾ, ਸੀ ਟੀ ਯੂ ਦੇ ਹਰੀਮੁਨੀ ਸਿੰਘ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜਮਹੂਰੀ ਹੱਕ ਖੋਹਣ ਲਈ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਲੈ ਕੇ ਆਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹਨਾਂ ਚਾਰ ਲੇਬਰ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਗਨਰੇਗਾ ਦੀ ਥਾਂ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਲੈ ਕੇ ਆਈ ਹੈ, ਜਿਸ ਨਾਲ ਮਜ਼ਦੂਰਾਂ ਨੂੰ ਪਹਿਲਾਂ ਮਿਲਦਾ ਕੰਮ ਵੀ ਕਾਫੀ ਹੱਦ ਤੱਕ ਉਹਨਾਂ ਕੋਲੋਂ ਖੋਹਣ ਦੀਆਂ ਤਿਆਰੀਆਂ ਹਨ। ਬਿਜਲੀ ਸੋਧ ਬਿੱਲ 2025 ਰਾਹੀਂ ਬਿਜਲੀ ਦੀ ਵੰਡ ਦਾ ਕੰਮ ਪ੍ਰਾਈਵੇਟ ਅਦਾਰਿਆਂ ਨੂੰ ਸੌਂਪ ਦਿੱਤਾ ਜਾਵੇਗਾ, ਜਿਸ ਨਾਲ ਖਪਤਕਾਰਾਂ ਦੀ ਲੁੱਟ ਬਹੁਤ ਵਧ ਜਾਵੇਗੀ ਅਤੇ ਪ੍ਰਾਈਵੇਟ ਅਦਾਰੇ ਮਨਮਰਜ਼ੀ ਕਰਨਗੇ। ਲੋਕ ਮੋਦੀ ਸਰਕਾਰ ਦੇ ਅਜਿਹੇ ਲੋਕ ਵਿਰੋਧੀ ਕਾਨੂੰਨਾਂ ਨੂੰ ਸਹਿਣ ਨਹੀਂ ਕਰਨਗੇ।ਇਸ ਦੇ ਖਿਲਾਫ਼ ਮਜ਼ਦੂਰ ਲਹਿਰ ਖੜ੍ਹੀ ਕਰਨਗੇ।
ਇਸ ਮੌਕੇ ਸੀ ਟੀ ਯੂ ਦੇ ਸੁਜਾਤਾ ਸ਼ੁਕਲਾ, ਏਟਕ ਦੇ ਰਛਪਾਲ ਕੈਲੇ ਤੇ ਵੀਰ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਹੰਸ ਰਾਜ ਪੱਬਵਾਂ ਅਤੇ ਗੁਰਬਖਸ਼ ਕੌਰ ਸਾਦਿਕਪੁਰ ਆਦਿ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਰਜਿੰਦਰ ਕੁਮਾਰ ਹੈਪੀ ਸ਼ਾਹਕੋਟ, ਸੁਨੀਲ ਕੁਮਾਰ ਰਾਜੇਵਾਲ, ਅਵਤਾਰ ਸਿੰਘ ਧਾਲੀਵਾਲ, ਰਣਜੀਤ ਸਿੰਘ ਔਲਖ ਤੇ ਕਸ਼ਮੀਰ ਕੁਰੈਸ਼ੀ ਆਦਿ ਹਾਜ਼ਰ ਸਨ।
ਪਟਿਆਲਾ : ਏਟਕ, ਇੰਟਕ, ਸੀਟੂ, ਇਫਟੂ, ਸੀ ਟੀ ਯੂ ਪੰਜਾਬ ਤੋਂ ਇਲਾਵਾ ਪ ਸ ਸ ਫ 1680, 22—ਬੀ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ—ਮਜ਼ਦੂਰਾਂ ਨੇ ਰੋਸ ਭਰਪੂਰ ਰੈਲੀ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਕਰਨ ਉਪਰੰਤ ਜਲੂਸ ਦੀ ਸ਼ਕਲ ਵਿੱਚ ਨਾਅਰੇ ਮਾਰਦੇ ਹੋਏ ਮੇਨ ਸੜਕ ਦੇ ਚੌਂਕ ਵਿੱਚ ਮੋਦੀ ਦਾ ਪੁਤਲਾ ਫੂਕਿਆ।
ਰੋਸ ਰੈਲੀ ਨੂੰ ਨਿਰਮਲ ਸਿੰਘ ਧਾਲੀਵਾਲ ਏਟਕ, ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ ਸ ਸ ਫ, ਹਰਦੀਪ ਸਿੰਘ ਟੋਡਰਪੁਰ ਡੀ ਟੀ ਅੱੈਫ / ਇਫਟੂ, ਉਤਮ ਸਿੰਘ ਬਾਗੜੀ ਟਰੇਡ ਯੂਨੀਅਨ ਕੌਂਸਲ ਪਟਿਆਲਾ, ਬਲਦੇਵ ਰਾਜ ਇੰੰਟਕ, ਤਰਸੇਮ ਸਿੰਘ ਸੀਟੂ, ਸ੍ਰੀ ਨਾਥ ਇਫਟੂ ਅਤੇ ਧਰਮਵੀਰ ਹਰੀਗੜ੍ਹ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆ ਨੂੰ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇਣ ਅਤੇ ਉਹਨਾਂ ਦੇ ਰਸਤੇ ਵਿੱਚੋਂ ਹੱਕ ਮੰਗਣ ਵਾਲੀਆਂ ਟਰੇਡ ਯੂਨੀਅਨਾਂ ਅਤੇ ਵਰਕਰਾਂ ਦੇ ਅਧਿਕਾਰਾਂ ਨੂੰ ਖਤਮ ਜਾਂ ਸੀਮਤ ਕਰਨ ਲਈ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਲੇਬਰ ਕੋਡਜ਼ ਵਿੱਚ ਸਮੇਟਦੇ ਹੋਏ ਆਪਣਾ ਮਜ਼ਦੂਰ ਜਮਾਤ ਵਿਰੋਧੀ ਚਿਹਰਾ ਨੰਗਾ ਕਰਨ ਵਿੱਚ ਕੋਈ ਸੰਕੋਚ ਨਹੀਂ ਕੀਤਾ, ਜਿਸ ਰਾਹੀਂ ਟਰੇਡ ਯੂਨੀਅਨ ਬਣਾਉਣਾ ਮੁਸ਼ਕਲ ਕਰ ਦੇਣਾ, ਘੱਟੋ—ਘੱਟ ਉਜਰਤਾਂ ‘ਤੇ ਹਮਲਾ, ਹੜਤਾਲ ਦੇ ਹੱਕ ਨੂੰ ਬੇਅਸਰ ਕਰਨਾ, ਛਾਂਟੀ ਕਰਨ ਦੀ ਖੁੱਲ੍ਹ ਦੇਣਾ, ਫਿਕਸ ਟਰਮ ਇੰਪਲਾਇਮੈਂਟ ਰਾਹੀਂ ਨੌਕਰੀ ਦੀ ਸੁਰੱਖਿਆ ਖਤਮ ਕਰਨਾ, 42 ਫੀਸਦੀ ਸਨਅਤਾਂ ਨੂੰ ਲੇਬਰ ਕਾਨੂੰਨਾਂ ਵਿਚੋਂ ਬਾਹਰ ਕਰਨਾ, ਔਰਤਾਂ ਨੂੰ ਰਾਤ ਦੀਆਂ ਸ਼ਿਫਟਾਂ ਵਿੱਚ ਤਾਇਨਾਤ ਕਰਨਾ, ਕਾਰਖਾਨੇਦਾਰਾਂ ਵੱਲੋਂ ਕੀਤੀਆਂ ਜਾਂਦੀਆਂ ਉਲੰਘਣਾਵਾਂ ਬਦਲੇ ਸਜਾਵਾਂ ਖਤਮ ਕਰਨਾ ਆਦਿ ਸੋਧਾਂ ਕਰਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰਾਂ ਵਰਗੇ ਹਾਲਾਤ ਵਿੱਚ ਧੱਕ ਦਿੱਤਾ ਹੈ।
ਆਗੂਆਂ ਨੇ ਵਰਕਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸਖਤ ਸਾਂਝੇ ਸੰਘਰਸ਼ ਕੀਤੇ ਬਿਨਾਂ ਅਤੇ ਵਿਸ਼ਾਲ ਏਕਤਾ ਤੋਂ ਬਿਨਾਂ ਕੋਈ ਚਾਰਾ ਨਹੀਂ। ਜਿਹੜੇ ਹੋਰ ਆਗੂ ਇਸ ਮੌਕੇ ਹਾਜ਼ਰ ਸਨ, ਉਹਨਾ ਵਿੱਚ ਵਿਕਰਮ ਦੇਵ, ਗੁਰਵਿੰਦਰ ਸਿੰਘ ਗੋਲਡੀ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਦੀਪ ਚੰਦ ਹੰਸ ਅਤੇ ਸੂਰਜ ਦੇਵ ਸ਼ਾਮਲ ਸਨ।
ਛੇਹਰਟਾ (ਮਨੋਜ ਕੁਮਾਰ) : ਏਟਕ, ਸੀਟੂ, ਤੇ ਸੀ ਟੀ ਯੂ ਦੇ ਸੱਦੇ ‘ਤੇ ਪਹਿਲੀ ਅਪ੍ਰੈਲ ਨੂੰ ਲੇਬਰ ਕੋਡ ਲਾਗੂ ਕਰਨ ਵਿਰੁੱਧ ਕਾਲਾ ਦਿਨ ਮਨਾਇਆ ਗਿਆ। 22 ਨੰਬਰ ਫਾਟਕ ਅੰਮ੍ਰਿਤਸਰ ਵਿਖੇ ਵਿਸ਼ਾਲ ਇਕੱਠ ਮੋਹਨ ਲਾਲ ਤੇ ਕਿਰਪਾ ਰਾਮ ਦੀ ਪ੍ਰਧਾਨਗੀ ਹੇਠ ਕਰਕੇ ਚਾਰ ਲੇਬਰ ਕੋਡ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਤਨਾਮ ਸਿੰਘ ਅਜਨਾਲਾ ਤੇ ਲਖਬੀਰ ਸਿੰਘ ਨਿਜ਼ਾਮਪੁਰਾ ਸਾਥੀਆਂ ਸਮੇਤ ਸ਼ਾਮਲ ਹੋਏ। ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ ਤੇ ਜਗਤਾਰ ਸਿੰਘ ਕਰਮਪੁਰਾ ਨੇ ਸੰਬੋਧਨ ਕਰਦਿਆਂ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ 31 ਜਨਵਰੀ ਨੂੰ ਮਾਲਕਾਂ ਨਾਲ ਰੇਟਾਂ ਸੰਬੰਧੀ ਕੀਤਾ ਫ਼ੈਸਲਾ ਖ਼ਤਮ ਹੋ ਗਿਆ ਹੈ। ਰੇਟਾਂ ਵਿਚ ਵਾਧਾ ਕਰਵਾਉਣ ਲਈ ਮਾਲਕਾਂ ਨੂੰ ਨੋਟਿਸ ਦਿੱਤਾ ਹੈ, ਪਰ ਮਾਲਕਾਂ ਵੱਲੋਂ ਕੋਈ ਵੀ ਸੁਨੇਹਾ ਨਹੀਂ ਆਇਆ। ਇਸ ਕਰਕੇ ਮਾਲਕਾਂ ਨੂੰ 10 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਰੇਟਾਂ ਵਿਚ ਵਾਧਾ ਕਰ ਦੇਣ। ਜੇਕਰ ਮਾਲਕਾਂ ਨੇ ਸਮਾਂ ਨਾ ਦਿੱਤਾ ਤਾਂ 10 ਅਪ੍ਰੈਲ ਨੂੰ ਟਰੇਡ ਯੂਨੀਅਨਾਂ ਵੱਲੋਂ ਮੀਟਿੰਗਾਂ ਕਰਕੇ ਹੜਤਾਲ ਦਾ ਐਲਾਨ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ 6 ਅਪ੍ਰੈਲ ਨੂੰ ਡੀ ਸੀ ਦਫ਼ਤਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ਮਜ਼ਦੂਰ ਸਾਥੀ ਵੀ ਸ਼ਾਮਲ ਹੋਣਗੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਚਰਨਜੀਤ ਮਜੀਠਾ, ਵਿਜੇ ਕੁਮਾਰ, ਸ਼ਮਸ਼ੇਰ ਸਿੰਘ, ਧਰਮਪਾਲ, ਬਲਬੀਰ ਸਿੰਘ, ਮੰਗਲ ਸਿੰਘ, ਧਰਮ ਸਿੰਘ ਭੱਟੀ, ਭਗਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਵਰਕਰ ਸ਼ਾਮਿਲ ਹੋਏ।