ਯੂ ਏ ਈ ਦੇ ਐਟਮੀ ਊਰਜਾ ਪਲਾਂਟ ਨੇੜੇ ਡਰੋਨ ਡਿੱਗਿਆ

0
2

ਦੁਬਈ : ਯੂ ਏ ਈ ਦੇ ਅਲ ਧਫਰਾ ਖੇਤਰ ਵਿੱਚ ਬਰਾਕਾਹ ਪ੍ਰਮਾਣੂੰ ਊਰਜਾ ਪਲਾਂਟ ਦੇ ਬਾਹਰ ਐਤਵਾਰ ਡਰੋਨ ਡਿੱਗਣ ਨਾਲ ਪਾਵਰ ਜਨਰੇਟਰ ਨੂੰ ਅੱਗ ਲੱਗ ਗਈ। ਅਬੂ ਧਾਬੀ ਮੀਡੀਆ ਦਫਤਰ ਮੁਤਾਬਕ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਪਲਾਂਟ ਵਿੱਚੋਂ ਰੇਡੀਏਸ਼ਨ ਰਿਸਿਆ। ਪਲਾਂਟ ਵਿੱਚ ਸਾਰੀਆਂ ਮਹੱਤਵਪੂਰਨ ਮਸ਼ੀਨਰੀਆਂ ਅਤੇ ਸਿਸਟਮ ਆਮ ਵਾਂਗ ਕੰਮ ਕਰ ਰਹੇ ਹਨ। ਕਿਸੇ ਵੀ ਸੰਗਠਨ ਜਾਂ ਦੇਸ਼ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਈਰਾਨ ‘ਤੇ ਸ਼ੱਕ ਹੈ।
ਸਾਊਦੀ ਸਰਹੱਦ ਦੇ ਨੇੜੇ ਅਬੂ ਧਾਬੀ ਦੇ ਦੂਰ-ਦੁਰਾਡੇ ਪੱਛਮੀ ਮਾਰੂਥਲ ਖੇਤਰ ਵਿੱਚ ਸਥਿਤ ਬਰਾਕਾਹ ਨਿਊਕਲੀਅਰ ਪਾਵਰ ਪਲਾਂਟ ਯੂ ਏ ਈ ਅਤੇ ਪੂਰੇ ਅਰਬ ਖੇਤਰ ਵਿੱਚ ਪਹਿਲਾ ਕਮਰਸ਼ੀਅਲ ਨਿਊਕਲੀਅਰ ਪਾਵਰ ਪਲਾਂਟ ਹੈ। ਇਹ ਦੱਖਣੀ ਕੋਰੀਆ ਦੀ ਸਹਾਇਤਾ ਨਾਲ ਲਗਭਗ 20 ਅਰਬ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਸੀ ਅਤੇ 2020 ਵਿੱਚ ਇਸ ਦਾ ਸੰਚਾਲਨ ਸ਼ੁਰੂ ਹੋਇਆ ਸੀ। ਇਹ ਪਲਾਂਟ ਯੂ ਏ ਈ ਦੀਆਂ ਬਿਜਲੀ ਦੀਆਂ ਲੋੜਾਂ ਦਾ ਲਗਭਗ ਇੱਕ-ਚੌਥਾਈ ਹਿੱਸਾ ਪੂਰਾ ਕਰਦਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਈਰਾਨ ਉੱਤੇ ਅਮਰੀਕੀ-ਇਜ਼ਰਾਈਲੀ ਹਮਲੇ ਦੌਰਾਨ ਬਰਾਕਾਹ ਨਿਊਕਲੀਅਰ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜੰਗ ਦੀ ਸ਼ੁਰੂਆਤ ਵਿੱਚ ਈਰਾਨ ਨੇ ਕਿਹਾ ਸੀ ਕਿ ਉਹ ਉਨ੍ਹਾਂ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਬਣਾਏਗਾ, ਜਿੱਥੇ ਅਮਰੀਕੀ ਫੌਜੀ ਅੱਡੇ ਅਤੇ ਇਜ਼ਰਾਈਲੀ ਹਿੱਤ ਹਨ।