ਨਵੀਂ ਦਿੱਲੀ : 300 ਤੋਂ ਵੱਧ ਸ਼ੱਕੀ ਮਾਮਲਿਆਂ ਤੇ 88 ਮੌਤਾਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਤੇਦਰੋਸ ਅਦਾਨੋਮ ਗ਼ੇਬਰੇਅਸਸ ਨੇ ਕਾਂਗੋ ਅਤੇ ਯੂਗਾਂਡਾ ਵਿੱਚ ਇਬੋਲਾ ਵਾਇਰਸ ਨੂੰ ਕੌਮਾਂਤਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਤਾਂ ਵੀ ਉਨ੍ਹਾ ਕਿਹਾ ਕਿ ਇਹ ਕੋਵਿਡ-19 ਮਹਾਂਮਾਰੀ ਵਰਗੀ ਮਹਾਂਮਾਰੀ ਐਮਰਜੈਂਸੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ, ਜਿਸ ਕਰਕੇ ਕੌਮਾਂਤਰੀ ਸਰਹੱਦਾਂ ਨੂੰ ਬੰਦ ਕਰਨ ਦੀ ਲੋੜ ਨਹੀਂ। ਇਬੋਲਾ ਦੇ ਕਾਂਗੋ ਦੇ ਇਟੂਰੀ ਸੂਬੇ ਵਿੱਚ 246 ਸ਼ੱਕੀ ਮਾਮਲਿਆਂ ਤੇ 80 ਸ਼ੱਕੀ ਮੌਤਾਂ ਦੀ ਰਿਪੋਰਟ ਹੈ। ਯੂਗਾਂਡਾ ਦੇ ਕੰਪਾਲਾ ਵਿੱਚ ਇੱਕ ਮੌਤ ਦੀ ਰਿਪੋਰਟ ਹੈ। ਮੌਜੂਦਾ ਇਬੋਲਾ ਬੁੰਡੀਬੁਗਿਓ ਸਟਰੇਨ ਕਾਰਨ ਹੋ ਰਿਹਾ ਹੈ, ਜੋ ਕਿ ਇਬੋਲਾ ਦਾ ਇੱਕ ਦੁਰਲੱਭ ਰੂਪ ਹੈ। ਇਸ ਦੇ ਲੱਛਣ ਹਨ : ਬੁਖਾਰ, ਥਕਾਵਟ, ਬੇਚੈਨੀ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਅਤੇ ਗਲੇ ਵਿੱਚ ਖਾਰਸ਼। ਇਨ੍ਹਾਂ ਤੋਂ ਬਾਅਦ ਉਲਟੀਆਂ, ਦਸਤ, ਪੇਟ ਵਿੱਚ ਦਰਦ, ਧੱਫੜ ਅਤੇ ਗੁਰਦੇ ਤੇ ਜਿਗਰ ਦੇ ਕੰਮ ਵਿੱਚ ਵਿਘਨ ਦੇ ਲੱਛਣ ਆਉਂਦੇ ਹਨ। ਇਸ ਲਈ ਦੋ ਟੀਕੇ ਮਨਜ਼ੂਰ ਹਨ : ਏਰਵੇਬੋ (ਮਰਕ ਐਂਡ ਕੰਪਨੀ) ਅਤੇ ਜ਼ਬਡੇਨੋ ਤੇ ਮਵਾਬੀਆ (ਜੈਨਸਨ ਫਾਰਮਾਸੂਟਿਕਾ)।
ਮਾਹਰਾਂ ਮੁਤਾਬਕ ਇਸ ਵਾਰ ਇਬੋਲਾ ਦੇ ਬੁੰਡੀਬੁਗਿਓ ਸਟਰੇਨ ਦਾ ਪਤਾ ਲਗਾਇਆ ਗਿਆ ਹੈ, ਜਦੋਂ ਕਿ ਪਹਿਲਾਂ ਕਾਂਗੋ ਵਿੱਚ ਜ਼ਿਆਦਾਤਰ ਮਾਮਲੇ ਜ਼ੇਅਰ ਸਟਰੇਨ ਦੇ ਸਨ। ਇਬੋਲਾ ਦੇ ਇਲਾਜ ਦੇ ਪਹਿਲੇ ਟੀਕੇ ਜ਼ੇਅਰ ਸਟਰੇਨ ਨੂੰ ਧਿਆਨ ਵਿੱਚ ਰੱਖ ਕੇ ਵਿਕਸਤ ਕੀਤੇ ਗਏ ਸਨ। ਇਬੋਲਾ ਵਾਇਰਸ ਨਾਲ ਮੌਤ ਦਰ ਦੁਨੀਆ ਭਰ ਵਿੱਚ 25 ਤੋਂ 90 ਫੀਸਦੀ ਮਰੀਜ਼ਾਂ ਤੱਕ ਹੈ। ਇਹ ਪਹਿਲੀ ਵਾਰ 1976 ਵਿੱਚ ਅਫਰੀਕਾ ਵਿੱਚ ਪ੍ਰਗਟ ਹੋਇਆ ਸੀ। ਸੂਡਾਨ ਅਤੇ ਜ਼ੇਅਰ (ਹੁਣ ਕਾਂਗੋ ਲੋਕਤੰਤਰੀ ਗਣਰਾਜ) ਵਿੱਚ ਮਾਮਲੇ ਸਾਹਮਣੇ ਆਏ ਸਨ। ਇਬੋਲਾ ਨਾਂਅ ਨਦੀ ਦੇ ਨਾਂਅ ਤੇ ਰੱਖਿਆ ਗਿਆ ਹੈ, ਜੋ ਕਿ ਕਾਂਗੋ ਦੇ ਉਸ ਖੇਤਰ ਦੇ ਨੇੜੇ ਵਗਦੀ ਹੈ, ਜਿੱਥੇ ਵਾਇਰਸ ਦੀ ਖੋਜ ਕੀਤੀ ਗਈ ਸੀ। ਕਾਂਗੋ ਇਬੋਲਾ ਤੋਂ ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਕਈ ਵਾਰ ਮਾਮਲੇ ਸਾਹਮਣੇ ਆਏ ਹਨ। 2014 ਅਤੇ 2016 ਦੇ ਵਿਚਕਾਰ ਪੱਛਮੀ ਅਫਰੀਕਾ ਵਿੱਚ ਇਬੋਲਾ ਦਾ ਪ੍ਰਕੋਪ ਰਿਕਾਰਡ ਕੀਤੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੀ, ਜਿਸ ਵਿੱਚ 11,000 ਤੋਂ ਵੱਧ ਲੋਕ ਮਾਰੇ ਗਏ ਸਨ। ਬਾਅਦ ਦੇ ਸਾਲਾਂ ਵਿੱਚ ਟੀਕਿਆਂ ਅਤੇ ਇਲਾਜਾਂ ਦੇ ਵਿਕਾਸ ਨੇ ਸਥਿਤੀ ਨੂੰ ਸੰਭਾਲਣ ਵਿੱਚ ਮਦਦ ਕੀਤੀ ਹੈ, ਪਰ ਵੱਖ-ਵੱਖ ਕਿਸਮਾਂ ਦੇ ਉਭਾਰ ਨੇ ਚੁਣੌਤੀ ਨੂੰ ਵਧਾ ਦਿੱਤਾ ਹੈ।





