ਜਲੰਧਰ : ਜਲੰਧਰ-ਸੁਲਤਾਨਪੁਰ ਲੋਧੀ ਰੂਟ ‘ਤੇ ਕੁਲਾਰਾਂ ਨੇੜੇ ਮੋਠਾਂਵਾਲਾ ਪੁਲਸ ਚੌਕੀ ਕੋਲ ਕਾਰ ਸਵਾਰ 3-4 ਵਿਅਕਤੀਆਂ ਨੇ ਸ਼ੁੱਕਰਵਾਰ ਪੀ ਆਰ ਟੀ ਸੀ ਬੱਸ ‘ਚ ਲੁੱਟ ਖੋਹ ਕੀਤੀ। ਇਹ ਬੱਸ ਰੋਜ਼ਾਨਾ ਜਲੰਧਰ ਤੋਂ ਸਿਧਵਾਂ ਦੋਨਾ-ਮੋਠਾਂਵਾਲਾ ਰੂਟ ਰਾਹੀਂ ਸੁਲਤਾਨਪੁਰ ਲੋਧੀ ਜਾਂਦੀ ਹੈ। ਦੁਪਹਿਰ ਕਰੀਬ 12:30 ਵਜੇ ਇਹ ਘਟਨਾ ਵਾਪਰੀ ਤੇ ਉਸ ਸਮੇਂ ਬੱਸ ਵਿੱਚ 10 ਤੋਂ 15 ਸਵਾਰੀਆਂ ਸਨ। ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ ਕਿ ਕੁਲਾਰਾਂ ਨੇੜੇ ਇੱਕ ਪੁਰਾਣੀ ਹੋਂਡਾ ਸਿਟੀ ਕਾਰ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਨਹੀਂ ਰੁਕਿਆ ਕਿਉਂਕਿ ਇਹ ਕੋਈ ਨਿਰਧਾਰਤ ਸਟਾਪ ਨਹੀਂ ਸੀ। ਉਨ੍ਹਾਂ ਨੇ ਪਿੱਛਾ ਜਾਰੀ ਰੱਖਿਆ ਅਤੇ ਆਪਣੀ ਕਾਰ ਨਾਲ ਬੱਸ ਦਾ ਰਸਤਾ ਰੋਕ ਲਿਆ ਤੇ ਜ਼ਬਰਦਸਤੀ ਬੱਸ ਦੇ ਦਰਵਾਜ਼ੇ ਖੋਲ੍ਹ ਲਏ। ਫਿਰ ਉਨ੍ਹਾਂ ਵਿੱਚੋਂ ਦੋ ਜਣਿਆਂ ਨੇ ਚਾਕੂ ਅਤੇ ਦਾਤ ਲਹਿਰਾਉਂਦੇ ਹੋਏ ਬੱਸ ਦੇ ਬੋਨਟ ‘ਤੇ ਮਾਰੇ ਅਤੇ ਕੰਡਕਟਰ ਦਾ ਪੈਸਿਆਂ ਵਾਲਾ ਬੈਗ ਖੋਹ ਲਿਆ, ਉਸ ਵਿੱਚੋਂ ਪੈਸੇ ਕੱਢੇ ਅਤੇ ਫਰਾਰ ਹੋ ਗਏ। ਕੰਡਕਟਰ ਮਲਕੀਤ ਸਿੰਘ ਨੇ ਦੱਸਿਆ, ”ਉਨ੍ਹਾਂ ਵਿੱਚੋਂ ਦੋ ਜਣੇ ਦਾਤ ਲੈ ਕੇ ਜ਼ਬਰਦਸਤੀ ਬੱਸ ਵਿੱਚ ਵੜ ਗਏ ਅਤੇ ਪੈਸਿਆਂ ਦੀ ਮੰਗ ਕੀਤੀ, ਮੈਂ ਉਨ੍ਹਾਂ ਨੂੰ 200 ਰੁਪਏ ਦਿੱਤੇ ਪਰ ਉਨ੍ਹਾਂ ਨੇ ਮੇਰੇ ਬੈਗ ਵਿੱਚੋਂ ਕਰੀਬ 900 ਤੋਂ 1200 ਰੁਪਏ ਕੱਢ ਲਏ।” ਘਟਨਾ ਦੌਰਾਨ ਇੱਕ ਮੁਲਜ਼ਮ ਨੇ ਆਪਣੀ ਪਛਾਣ ਜ਼ਾਹਰ ਕੀਤੀ ਅਤੇ ਧਮਕੀ ਦਿੱਤੀ ਕਿ ਜੇ ਸਵਾਰੀਆਂ ਜਾਂ ਬੱਸ ਚਾਲਕਾਂ ਨੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਬੱਸ ਸਟਾਫ ਨੇ ਤੁਰੰਤ ਬੱਸ ਨੂੰ ਮੋਠਾਂਵਾਲਾ ਪੁਲਸ ਸਟੇਸ਼ਨ ਪਹੁੰਚਾਇਆ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਐੱਸ ਐੱਚ ਓ ਸੁਲਤਾਨਪੁਰ ਲੋਧੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।




