ਨਵੀਂ ਦਿੱਲੀ : ਸਰਕਾਰ ਨੇ ਕਥਿਤ ਤੌਰ ’ਤੇ ਦਹਿਸ਼ਤੀ ਸਰਗਰਮੀਆਂ ’ਚ ਸ਼ਮੂਲੀਅਤ ਅਤੇ ਆਈ ਐੱਸ ਆਈ ਐੱਸ ਵਰਗੀਆਂ ਦਹਿਸ਼ਤਗਰਦ ਜਥੇਬੰਦੀਆਂ ਨਾਲ ਸੰਬੰਧ ਹੋਣ ਕਾਰਨ ਪਾਪੂਲਰ ਫਰੰਟ ਆਫ ਇੰਡੀਆ (ਪੀ ਐੱਫ ਆਈ) ਤੇ ਉਸ ਨਾਲ ਸੰਬੰਧਤ ਕਈ ਜਥੇਬੰਦੀਆਂ ’ਤੇ ਪੰਜ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਪੀ ਐੱਫ ਆਈ ਅਤੇ ਉਸ ਦੇ ਆਗੂਆਂ ਨਾਲ ਸੰਬੰਧਤ ਟਿਕਾਣਿਆਂ ’ਤੇ ਛਾਪੇ ਮਾਰੇ ਜਾਣ ਤੋਂ ਬਾਅਦ ਸਰਕਾਰ ਨੇ ਇਹ ਕਦਮ ਉਠਾਇਆ ਹੈ। ਦਹਿਸ਼ਤਗਰਦੀ ਵਿਰੋਧੀ ਕਾਨੂੰਨ ਯੂ ਏ ਪੀ ਏ ਤਹਿਤ ਪਾਬੰਦੀਸ਼ੁਦਾ ਹੋਰਨਾਂ ਜਥੇਬੰਦੀਆਂ ਵਿਚ ‘ਰਿਹੈਬ ਇੰਡੀਆ ਫਾਊਂਡੇਸ਼ਨ’ (ਆਰ ਆਈ ਐੱਫ), ਕੈਪਸ ਫਰੰਟ ਆਫ ਇੰਡੀਆ (ਸੀ ਐੱਫ), ਆਲ ਇੰਡੀਆ ਇਮਾਮ ਕੌਂਸਲ (ਏ ਆਈ ਆਈ ਸੀ), ਨੈਸ਼ਨਲ ਕਨਫੈਡਰੇਸ਼ਨ ਆਫ ਹਿਊਮਨ ਆਰਗੇਨਾਈਜ਼ੇਸ਼ਨ (ਐੱਨ ਸੀ ਐੱਚ ਆਰ ਓ), ਨੈਸ਼ਨਲ ਵੂਮੈਨਜ਼ ਫਰੰਟ, ਜੂਨੀਅਰ ਫਰੰਟ, ਐਂਪਾਵਰ ਇੰਡੀਆ ਫਾਊਂਡੇਸ਼ਨ ਅਤੇ ਰਿਹੈਬ ਫਾਊਂਡੇਸ਼ਨ (ਕੇਰਲਾ) ਦੇ ਨਾਂਅ ਸ਼ਾਮਲ ਹਨ। 16 ਸਾਲ ਪੁਰਾਣੀ ਜਥੇਬੰਦੀ ਪੀ ਐੱਫ ਆਈ ਖਿਲਾਫ ਮੰਗਲਵਾਰ 7 ਸੂਬਿਆਂ ’ਚ ਛਾਪੇ ਮਾਰ ਕੇ 150 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਜਾਂ ਗਿ੍ਰਫਤਾਰ ਕੀਤਾ ਗਿਆ ਸੀ।