ਚੰਡੀਗੜ੍ਹ : ਸਵਾਂ ਨਦੀ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਪੰਜਾਬ ਦੇ ਸਿੰਚਾਈ ਵਿਭਾਗ ਨੇ ਸਵਾਂ ਪੁਲ ਤੱਕ ਨਦੀ ਦੇ 20 ਕਿੱਲੋਮੀਟਰ ਹਿੱਸੇ ਨੂੰ ਚੈਨਲਾਈਜ਼ (ਨਹਿਰ ਵਾਂਗ ਪੱਕਾ) ਕਰਨ ਲਈ 500 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਨਦੀ ਨੂੰ ਦੋਵਾਂ ਪਾਸਿਆਂ ਤੋਂ ਚੈਨਲਾਈਜ਼ ਕੀਤਾ ਜਾਵੇਗਾ ਅਤੇ ਡੈਮ ਬਣਾ ਕੇ ਪਾਣੀ ਸਟੋਰ ਕੀਤਾ ਜਾਵੇਗਾ। ਇਸ ਨਾਲ ਵੱਡੇ ਪੱਧਰ ‘ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ‘ਤੇ ਰੋਕ ਲੱਗੇਗੀ। ਪੰਜਾਬ ਇੰਜੀਨੀਅਰਿੰਗ ਕਾਲਜ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਨੰਗਲ ਸਬ-ਡਵੀਜ਼ਨ ਵਿੱਚ ਸਵਾਂ ਪੁਲ ਦੇ ਆਲੇ-ਦੁਆਲੇ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਹੋ ਰਹੀ ਹੈ, ਜਿਸ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਅੰਦਾਜ਼ਨ 34.10 ਲੱਖ ਕਿਊਬਿਕ ਮੀਟਰ ਸਮੱਗਰੀ ਕੱਢੀ ਗਈ ਹੈ।


