ਇਸਲਾਮਾਬਾਦ : ਇਸ ਜਾਂ ਅਗਲੇ ਹਫਤੇ ਅਮਰੀਕਾ ਤੇ ਈਰਾਨ ਵਿਚਾਲੇ ਗੱਲਬਾਤ ਦਾ ਦੂਜਾ ਗੇੜ ਚੱਲ ਸਕਦਾ ਹੈ। ਪਾਕਿਸਤਾਨ ਇਸ ਲਈ ਪੂਰੀ ਤਰ੍ਹਾਂ ਸਰਗਰਮ ਹੈ। ਅਮਰੀਕੀ ਤੇ ਈਰਾਨੀ ਡਿਪਲੋਮੈਟਿਕ ਸੂਤਰਾਂ ਮੁਤਾਬਕ ਦੂਜਾ ਗੇੜ ਇਸਲਾਮਾਬਾਦ ਜਾਂ ਜੈਨੇਵਾ ਵਿੱਚ ਚੱਲ ਸਕਦਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਈਰਾਨੀ ਬੰਦਰਗਾਹਾਂ ਦੀ ਅਮਰੀਕੀ ਨਾਕਾਬੰਦੀ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰਾਨਾ ਹੈ ਅਤੇ ਚਿਤਾਵਨੀ ਦਿੱਤੀ ਕਿ ਇਹ ਸਿਰਫ਼ ਤਣਾਅ ਨੂੰ ਹੋਰ ਵਧਾਏਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਸੰਬੰਧਤ ਧਿਰਾਂ ਵਿਚਕਾਰ ਹੋਈ ਅਸਥਾਈ ਜੰਗਬੰਦੀ ਦੇ ਬਾਵਜੂਦ, ਸੰਯੁਕਤ ਰਾਜ ਅਮਰੀਕਾ ਨੇ ਫੌਜੀ ਤਾਇਨਾਤੀ ਵਧਾ ਦਿੱਤੀ ਹੈ ਅਤੇ ਇੱਕ ਨਿਸ਼ਾਨਾ ਨਾਕਾਬੰਦੀ ਲਾਗੂ ਕੀਤੀ ਹੈ। ਉਨ੍ਹਾ ਕਿਹਾ ਕਿ ਇਹ ਕਦਮ ਸੰਘਰਸ਼ ਨੂੰ ਹੋਰ ਵਧਾਏਗਾ, ਨਾਜ਼ੁਕ ਜੰਗਬੰਦੀ ਨੂੰ ਕਮਜ਼ੋਰ ਕਰੇਗਾ ਅਤੇ ਜਲਡਮਰੂ ਰਾਹੀਂ ਆਵਾਜਾਈ ਦੀ ਸੁਰੱਖਿਆ ਨੂੰ ਹੋਰ ਖ਼ਤਰੇ ਵਿੱਚ ਪਾਵੇਗਾ। ਗੁਓ ਨੇ ਅੱਗੇ ਕਿਹਾ ਕਿ ਚੀਨ ਸਾਰੀਆਂ ਧਿਰਾਂ ਨੂੰ ਜੰਗਬੰਦੀ ਦਾ ਸਤਿਕਾਰ ਕਰਨ, ਸੰਵਾਦ ਅਤੇ ਸ਼ਾਂਤੀ ਵਾਰਤਾ ਲਈ ਵਚਨਬੱਧ ਰਹਿਣ, ਖੇਤਰੀ ਤਣਾਅ ਨੂੰ ਘੱਟ ਕਰਨ ਲਈ ਵਿਹਾਰਕ ਕਦਮ ਚੁੱਕਣ ਅਤੇ ਜਲਡਮਰੂ ਵਿੱਚ ਜਲਦੀ ਤੋਂ ਜਲਦੀ ਆਮ ਆਵਾਜਾਈ ਬਹਾਲ ਕਰਨ ਦੀ ਅਪੀਲ ਕਰਦਾ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੱਧ-ਪੂਰਬ ਵਿੱਚ ਅਮਨ ਤੇ ਪਾਇਦਾਰੀ ਲਈ ਚਾਰ ਸੂਤਰੀ ਤਜਵੀਜ਼ ਰੱਖੀ ਹੈ। ਮੰਗਲਵਾਰ ਅਬੂ ਧਾਬੀ ਦੇ ਸ਼ਹਿਜ਼ਾਦਾ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਯਾਨ ਨਾਲ ਮੁਲਾਕਾਤ ਦੌਰਾਨ ਜਿਨਪਿੰਗ ਨੇ ਕਿਹਾ ਕਿ ਖਿੱਤੇ ਵਿੱਚ ਅਮਨ ਲਈ ਪੁਰਅਮਨ ਸਹਿਹੋਂਦ ਦੇ ਸਿਧਾਂਤ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾ ਮੱਧ-ਪੂਰਬ ਤੇ ਖਾੜੀ ਖਿੱਤੇ ਲਈ ਇੱਕ ਸਾਂਝਾ, ਵਿਆਪਕ ਤੇ ਟਿਕਾਊ ਸੁਰੱਖਿਆ ਢਾਂਚਾ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾ ਇਹ ਵੀ ਕਿਹਾ ਕਿ ਸਾਰੇ ਦੇਸ਼ਾਂ ਦੀ ਖੁਦਮੁਖਤਾਰੀ, ਸੁਰੱਖਿਆ ਤੇ ਖੇਤਰੀ ਅਖੰਡਤਾ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਸਾਰੇ ਦੇਸ਼ਾਂ ਦੇ ਲੋਕਾਂ, ਅਦਾਰਿਆਂ ਤੇ ਕੰਪਲੈਕਸਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਦਾ ਆਦਰ ਹੋਣਾ ਚਾਹੀਦਾ ਹੈ ਤਾਂ ਕਿ ਦੁਨੀਆ ਮੁੜ ਜੰਗਲ ਦੇ ਕਾਨੂੰਨ ਵੱਲ ਨਾ ਪਰਤੇ।
ਸਾਉਦੀ ਅਰਬ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਹਾਰਮੁਜ਼ ਦੀ ਨਾਕਾਬੰਦੀ ਖਤਮ ਕਰ ਦੇਵੇ ਤੇ ਈਰਾਨ ਨਾਲ ਗੱਲਬਾਤ ਕਰੇ। ਉਸਨੇ ਕਿਹਾ ਹੈ ਕਿ ਈਰਾਨ ਦੇ ਯਮਨ ਵਿਚਲੇ ਹੂਤੀ ਹਮਾਇਤੀਆਂ ਨੇ ਲਾਲ ਸਾਗਰ ਨਾਲ ਜੋੜਦਾ ਬਾਬ ਅਲ-ਮਨਦੇਬ ਵਾਲਾ ਰਾਹ ਬੰਦ ਕਰ ਦਿੱਤਾ ਤਾਂ ਉਸਦਾ ਤੇਲ ਕਿਸੇ ਪਾਸੇ ਨਹੀਂ ਜਾ ਹੋਣਾ।
ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਇਰਾਨ ਅਤੇ ਅਮਰੀਕਾ ਦਰਮਿਆਨ ਉਸਾਰੂ ਵਿਚਾਰ-ਵਟਾਂਦਰਾ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੱਛਮੀ ਏਸ਼ੀਆ ਸੰਘਰਸ਼ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋਣ ਤੋਂ ਬਾਅਦ ਜੰਗਬੰਦੀ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਗੁਟੇਰੇਜ਼ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਲਾਂ ਕਿ ਇਸਲਾਮਾਬਾਦ ਵਿੱਚ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਸੰਯੁਕਤ ਰਾਜ ਅਤੇ ਇਰਾਨ ਇਸਲਾਮਿਕ ਗਣਰਾਜ ਵਿਚਕਾਰ ਹੋਈ ਗੱਲਬਾਤ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਿਆ, ਪਰ ਇਹ ਵਿਚਾਰ-ਵਟਾਂਦਰਾ ਆਪਣੇ ਆਪ ਵਿੱਚ ਉਨ੍ਹਾਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਅਤੇ ਨਵੇਂ ਸਿਰੇ ਤੋਂ ਸੰਵਾਦ ਵੱਲ ਇੱਕ ਸਕਾਰਾਤਮਕ ਅਤੇ ਸਾਰਥਕ ਕਦਮ ਹੈ। ਗੁਟੇਰੇਜ਼ ਨੇ ਕਿਹਾ ਕਿ ਡੂੰਘੀਆਂ ਮਤਭੇਦਾਂ ਦੇ ਮੱਦੇਨਜ਼ਰ, ਸਮਝੌਤਾ ਰਾਤੋ-ਰਾਤ ਨਹੀਂ ਹੋ ਸਕਦਾ ਅਤੇ ਉਨ੍ਹਾਂ ਨੇ ਕਿਸੇ ਸਿੱਟੇ ‘ਤੇ ਪਹੁੰਚਣ ਲਈ ਗੱਲਬਾਤ ਨੂੰ ਉਸਾਰੂ ਢੰਗ ਨਾਲ ਜਾਰੀ ਰੱਖਣ ਦੀ ਅਪੀਲ ਕੀਤੀ। ਗੁਟੇਰੇਸ ਨੇ ਕਿਹਾ, ਇਸ ਦੇ ਨਾਲ ਹੀ, ਜੰਗਬੰਦੀ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਸਾਰੀਆਂ ਉਲੰਘਣਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹਫ਼ਤਿਆਂ ਦੀ ਤਬਾਹੀ ਅਤੇ ਪਰੇਸ਼ਾਨੀ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਮੱਧ ਪੂਰਬ ਵਿੱਚ ਮੌਜੂਦਾ ਸੰਘਰਸ਼ ਦਾ ਕੋਈ ਫੌਜੀ ਹੱਲ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ, ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਲਗਪਗ 20,000 ਮਲਾਹ ਇਸ ਸੰਘਰਸ਼ ਵਿੱਚ ਇਸ ਸਮੇਂ ਜਹਾਜ਼ਾਂ ‘ਤੇ ਫਸੇ ਹੋਏ ਹਨ, ਜੋ ਰੋਜ਼ਾਨਾ ਵਧਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਹਾਰਮੁਜ਼ ਜਲਮਾਰਗ ਰਾਹੀਂ ਸਮੁੰਦਰੀ ਵਪਾਰ ਵਿੱਚ ਵਿਘਨ ਦਾ ਅਸਰ ਪਹਿਲਾਂ ਹੀ ਖੇਤਰ ਤੋਂ ਬਾਹਰ ਪੈ ਚੁੱਕਾ ਹੈ, ਜਿਸ ਨਾਲ ਕਈ ਖੇਤਰਾਂ ਵਿੱਚ ਵਿਸ਼ਵ ਆਰਥਿਕ ਕਮਜ਼ੋਰੀ ਅਤੇ ਅਸੁਰੱਖਿਆ ਵਧੀ ਹੈ।
ਉਨ੍ਹਾਂ ਨੋਟ ਕੀਤਾ ਕਿ ਖਾਦ ਅਤੇ ਇਸ ਦੇ ਸਾਜ਼ੋ-ਸਾਮਾਨ ਦੀ ਸਪਲਾਈ ਵਿੱਚ ਵਿਘਨ ਦੁਨੀਆ ਭਰ ਦੇ ਲੱਖਾਂ ਕਮਜ਼ੋਰ ਲੋਕਾਂ ਲਈ ਭੋਜਨ ਦੀ ਅਸੁਰੱਖਿਆ ਨੂੰ ਹੋਰ ਵਧਾਉਂਦਾ ਹੈ, ਜਿਸ ਨਾਲ ਬਾਲਣ, ਆਵਾਜਾਈ ਅਤੇ ਸਪਲਾਈ ਚੇਨ ਦੇ ਵਿਘਨ ਕਾਰਨ ਰਹਿਣ-ਸਹਿਣ ਦੀ ਲਾਗਤ ਵਧ ਰਹੀ ਹੈ।



